ਪੰਨਾ:ਪੰਜਾਬ ਦੇ ਹੀਰੇ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢੰਗ ਸੁਆਰਥ ਹੋਇਆ,ਗਾਉਣਾ ਬਿਠਾ ਦਿਤਾ| ਖਾਓ ਪੀਏ ਦੇ ਬਾਦ,ਪਹਿਲਾਂ ਨਿਕੀਆਂ ਨਿਕੀਆਂ ਕੁੜੀਆਂ ਢੋਲਕੀ ਤੇ ਬਹਿ ਕੇ ਹਥ ਪਕਾਂਦੀਆਂ ਹਨ, ਪਿਛੋਂ ਵਡੀਆਂ ਆ ਜਾਂਦੀਆਂ ਹਨ । ਬੁਢੀ ਉਮਰ ਦੀਆਂ ਪਹਿਲਾਂ ਸਤ ਸੁਹਾਗ ਜਾਂ ਸਤ ਘੋੜੀਆਂ ਗਉਂ ਕੇ ਹੋਰ ਪੁਰਾਣੇ ਗੀਤ ਜਾਂ ਬਿਸ਼ਨਪਦੇ ਲਾ ਦੇਂਦੀਆਂ ਹਨ । ਜਵਾਨਾਂ ਨੂੰ ਪੁਰਾਣੇ ਗੀਤ ਵਿਸਰ ਜਾਂਦੇ ਹਨ, ਓਹ ਨਵੇਂ ਨਵੇਂ ਪ੍ਰੇਮ ਦੇ ਗੀਤ ਢੋਲਕੀ ਨਾਲ ਜਾਂ ਜ਼ਬਾਨੀ ਛੋਹ ਦੇਂਦੀਆਂ । ਨਵੀਂਆਂ ਵਹੁਟੀਆਂ ਆਪਣੇ ਪੇਕਿਆਂ ਤੋਂ ਆਂਦੇ ਗੀਤ ਸੁਣਾ ਕੇ ਨਣਾਂਨਾਂ ਪਾਸੋਂ ਦਾਦ ਲੈਂਦੀਆਂ ਹਨ । ਇਸ ਤਰ੍ਹਾਂ ਪੰਜਾਬ ਦੇ ਪਿੰਡ ਪਿੰਡ ਵਿਚ ਗੀਤਾਂ ਦੀ ਜੂਨ ਪਲਟਦੀ ਜਾਂਦੀ ਹੈ । ਏਹ ਸਾਰੇ ਗੀਤ ਇਕੱਠੇ ਕਰਨੇ ਕੋਈ ਆਸਾਨ ਕੰਮ ਨਹੀਂ । ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਹਨ, ਪਰ ਘੋੜੀਆਂ ਤੇ ਸੁਹਾਗ ਜਿਉਂ ਦੇ ਤਿਉਂ ਹਨ । ਜੰਞ ਦੇ ਢੁਕਾਉ ਵੇਲੇ ਜੋ ਸਿਠਣੀਆਂ ਦਿਤੀਆਂ ਜਾਂਦੀਆਂ ਹਨ, ਓਹ ਭੀ ਨਵੀਆਂ ਤੋਂ ਨਵੀਆਂ ਹਨ । ਇਹ ਹਾਸ ਰਸ ਦਾ ਸਰ ਚਸ਼ਮਾ ਹਨ । ਜੋ ਕੁੜਮ ਪੈਸੇ ਦੇਣ ਲਗਾ ਦੇਰ ਲਾਵੇ ਤਾਂ “ਹਾਇ ਵੇ ਮੇਰਿਆ ਪੈਸਿਆ ਦੇ ਦੁਖੀਂ ਜੋੜਿਆ ਸੈ" ਜੇ ਜੰਞ ਘੋੜੀਆਂ ਤੇ ਆਵੇ ਤਾਂ “ਗਲੀਆਂ ਹੂੰਝ ਗੁਆਈਆਂ ਵੇ ਗੁੜਬਹਿਲਾਂ ਮੂਲ ਨ ਆਈਆਂ ਵੇ।" ਗੱਲ ਕੀ ਇਹ ਸਮਾ ਭੀ ਦੇਖਣ ਵਾਲਾ ਹੁੰਦਾ ਹੈ । ਸਾਲੀਆਂ ਦਾ ਆਪਣੇ ਜੀਜੇ ਨਾਲ ਮਖੌਲ, ਕੁੜੀਆਂ ਦੀ ਜਾਂਞੀਆਂ ਨਾਲ ਛੇੜ "ਥੋੜਾ ਥੋੜਾ ਖਾਇਓ ਜਾਂਞੀਓ ਦੰਮ ਲਗੇ ਸ਼ਾਹੂਕਾਰਾਂ ਦੇ" ਹਾਸੇ ਤੇ ਹਾਸਾ ਪੈਂਦਾ ਹੈ । ਸੋਗੀ ਜੀਵਨ ਭੀ ਕਿਸ ਕੰਮ ਦਾ ? ਮੁਟਿਆਰਾਂ ਰਲ ਕੇ ਸਾਂਝੀ ਅਵਾਜ਼ ਨਾਲ ਉਹ ਕੁਝ ਕਹਿ ਜਾਂਦੀਆਂ ਹਨ, ਜਿਹੜੀ ਇਕਲੀ ਦੇ ਮੂੰਹੋਂ ਜ਼ੇਬ ਹੀ ਨਾ ਦੇਵੇ | ਕੁੜੀ ਦੀ ਮਾਂ ਜਾਣ ਜਾਣ ਕੇ ਕੁੜੀਆਂ ਨੂੰ ਹੁਝਾਂ ਦੇਂਦੀ ਹੈ, ਨੀ ਤੁਸੀਂ ਹੋਰ ਸਿਠਣੀਆਂ ਦਿਓ। ਵਿਆਹ ਦੀਆਂ ਗਾਲਾਂ ਨੂੰ ਜਾਂਞੀ ਤੇ ਲਾੜਾ ਘਿਓ ਦੀਆਂ ਨਾਲਾਂ ਸਮਝ ਕੇ ਪੀ · ਜਾਂਦੇ ਹਨ । ਸ਼ਹਿਰਾਂ ਵਿਚ ਬੇਸ਼ਕ ਭਜਨ ਤੇ ਸ਼ਬਦ ਚੁੱਲ ਪਏ ਹਨ, ਪਰ ਮਜਾਰਟੀ ਪਿੰਡਾਂ ਵਿਚ ਹੈ, ਜਿਥੇ ਵਿਆਹਾਂ ਦਾ ਠਟ ਜ਼ਿੰਦਾ ਦਿਲੀ ਬਗੈਰ ਬਞ ਹੀ ਨਹੀਂ ਸਕਦਾ । ਸਗਨਾਂ ਦੇ ਢੰਗਾਂ ਵਿਚ ਗਿਆਨ ਗੋਸ਼ਟੀਆਂ ਦਾ ਕੀ ਕੰਮ ?

ਆਮ ਗੀਤ

ਜ਼ਨਾਨੇ ਗੀਤ ਸਿਰਫ ਵਿਆਹਾਂ ਵਾਸਤੇ ਹਸਾਉਣ ਵਾਲੇ ਹੀ ਨਹੀਂ ਹੁੰਦੇ, ਦਰਦ ਤੇ ਸੋਜ਼ ਨਾਲ ਭਰੇ ਹੋਏ ਭੀ ਹੁੰਦੇ ਹਨ । ਪ੍ਰੀਤਮ ਤੋਂ ਵਿਛੁੜੀਆਂ ਹੋਈਆਂ ਪ੍ਰੇਮਣਾਂ ਬਿਰਹੋਂ ਦਾ ਭਾਬੜ ਬਾਲ ਕੇ ਨਾਲ ਦੀਆਂ ਨੂੰ ਭੀ ਰੁਆ ਦੇਂਦੀਆਂ ਹਨ। ਕ੍ਰਿਸ਼ਨ ਮਥਰਾ ਵਿਚ ਹਕੂਮਤ ਸੰਭਾਲੀ ਬੈਠਾ ਏ, ਗੋਕਲ ਦੀਆਂ ਗੋਪੀਆਂ ਦੇ ਨਾਮ ਉਤੇ ਐਸੇ ਐਸੇ ਇਸਤਆਰਿਆਂ ਵਿਚ ਮੇਹਣੇ ਤੇ ਨਹੋਰੇ ਦੇਂਦੀਆਂ ਹਨ ਕਿ ਕਵੀਆਂ ਦੇ ਕੰਨ ਕੁਤਰਦੀਆਂ ਹਨ। ਮਰਦ ਫੌਜ ਵਿਚ ਭਰਤੀ ਹੋ ਗਿਆ ਹੈ, ਫਰੰਗੀ ਕੰਮ ਲੈਂਦਾ ਹੈ, ਤੀਵੀਂ ਉਸ ਨੂੰ ਕੋਸਣ ਲਗ ਜਾਂਦੀ ਹੈ:-ਦੇਖੋ :

-੪੧-