ਪੰਨਾ:ਪੰਜਾਬ ਦੇ ਹੀਰੇ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲੋਕ

ਸਲੋਕ ਦੀ ਉਤਪੱਤੀ (Origin) ਤਾਂ ਸੰਸਕ੍ਰਿਤ ਦੇ ੩੨ ਅਖਰਾਂ ਦੇ ਨਿਯਮ ਬੱਧ ਛੰਦ शलोक ਤੋਂ ਹੈ, ਜਿਸ ਦਾ ਤੁਕਾਂਤ ਨਹੀਂ ਹੁੰਦਾ,ਪਰ ਪੰਜਾਬ ਵਿਚ ਏਹ ਸਲੋਕ ਬਹੁਤ ਕਰ ਕੇ ਦੋਹਰੇ (੧੩+੧੧ ਮਾਤ੍ਰਾ) ਦੇ ਰੂਪ ਵਿਚ ਪਾਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਸ ਧਾਰਨਾ ਦੇ ਸਲੋਕ ਆਮ ਮਿਲਦੇ ਹਨ। ਸਲੋਕ ਕਬੀਰ, ਸਲੋਕ ਫਰੀਦ, ਸਲੋਕ ਨੌਵਾਂ ਮਹਲ, ਸਲੋਕ ਵਾਰਾਂ ਤੋਂ ਵਧੀਕ ਅਤੇ ਹੋਰ ਸਲੋਕ ਭੀ ਥਾਂ ਪਰ ਥਾਂ ਮਿਲਦੇ ਹਨ। ਇਸ ਤੋਂ ਬਾਹਰ ਵਜੀਦ ਸਾਹਿਬ ਦੇ ਸਲੋਕ ਦੋਹਰੋ ਤੋਂ ਵਖਰੀ ਧਾਰਨਾਂ ਦੇ ਹਨ। ਨਮੂਨੇ ਸਲੋਕਾਂ ਦੇ ਏਹ ਹਨ:-

ਕਬੀਰ—ਕਬੀਰ ਮਾਨਸ ਜਨਮ ਦੁਲੰਭ ਹੈ, ਹੋਤ,ਨ ਬਾਰਹਿ ਬਾਰ।
ਜਿਉ ਬਨ ਫਲ ਪਾਕਹਿ ਭੁਇ ਗਿਰਹਿ, ਬਹੁਰਿ ਨ ਲਾਗਹਿ ਡਾਰ।

ਫਰੀਦ—ਫਰੀਦਾ ਜੇ ਜਾਣਾ ਤਿਲ ਥੋਰੜੇ ਸੰਭਲ ਬਕ ਭਰੀ।
ਜੇ ਜਾਣਾ ਸਹੁ ਨਢੜਾ, ਤਾ ਥੋੜਾ ਮਾਣ ਕਰੀ।

ਨਾਵੇਂ ਮਹਲ—ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ।
ਕਹੁ ਨਾਨਕ ਥਿਰ ਕਛ ਨਹੀ, ਸੁਪਨੇ ਜਿਉ ਸੰਸਾਰ।

ਵਜੀਦ—ਇਕਨਾਂ ਦੇ ਘਰ ਪੁੱਤ,ਪੁੱਤਾਂ ਘਰ ਪੋਤਰੇ।
ਇਕਨਾਂ ਦੇ ਘਰ ਧੀਆਂ, ਧੀਆਂ ਦੇ ਘਰ ਦੁਹਤਰੇ।
ਇਕਨਾਂ ਦੇ ਘਰ ਇਕ, ਤੇ ਉਹ ਭੀ ਜਾਂਦਾ ਮਰ,
ਵਜੀਦਾ ਕੌਣ ਸਾਹਿਬ ਨੂੰ ਆਖੇ,ਇੰਜ ਨਹੀਂ ਇੰਜ ਕਰ।

ਕਬਿਤ

ਆਮ ਪੰਜਾਬੀ ਦੇ ਕਬਿਤ ੩੧ ਜਾਂ ੩੨ ਅੱਖਰਾਂ ਦੀ ਤੁਕ ਤੇ ੪ ਤੁਕਾਂ ਦਾ ਛੰਦ ਹੁੰਦਾ ਹੈ। ਹੀਰ ਭਗਵਾਨ ਸਿੰਘ ਤੇ ਹੋਰ ਅਨੇਕਾਂ ਕਿੱਸੇ,ਇਸ ਧਾਰਨਾ ਦੇ ਆਮ ਮਿਲਦੇ ਹਨ, ਪਰ ਕੁਝ ਮੁਸਲਮਾਨ ਕਵੀਆਂ ਨੇ ਭੀ ਖਾਸ ਅੰਦਾਜ਼ ਦੇ ਕਥਿਤ ਆਖੇ ਹਨ। ਇਨ੍ਹਾਂ ਵਿਚ ਤਿੰਨ ਹਿਸੇ ਇਕੋ ਤੁਕਾਂਤ ਦੇ ਰਖ ਕੇ ਚੌਥੇ ਵਿਚ ਨਤੀਜਾ ਦਸਿਆ ਹੈ। ਕਬਿਤ ਤਾਂ ਕਈਆਂ ਦੇ ਹਨ, ਪਰ ਅਮੀਰ ਅਲੀ ਸ਼ਾਇਰ ਦੇ ਦੋ ਬੰਦ ਦਸਦੇ ਹਾਂ:-

ਵੈਰ ਪਿਆਂ ਨਾਈ ਬੁਰਾ, ਭੈਣ ਘਰ ਭਾਈ ਬੁਰਾ,
ਸਹੁਰਿਆਂ ਜਵਾਈ ਬੁਰਾ, ਲਾਨਤਾਂ ਸਹਾਰਦਾ।
ਕੰਜਰੀ ਦਾ ਹਿੱਤ ਬੁਰਾ, ਬੋਲੀਚੁੱਕ ਮਿੱਤ ਬੁਰਾ,
ਕੁੜਮ ਆਇਆ ਨਿਤ ਬੁਰਾ, ਝੂਠ ਨਹੀਂ ਮਾਰਦਾ।

੩੯