ਪੰਨਾ:ਪੰਜਾਬ ਦੇ ਹੀਰੇ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਸਾਰੇ ਉਦਮ ਦਾ ਜ਼ਿਕਰ ਸੰਟਲ ਪੰਜਾਬੀ ਸਭਾ ਵਲੋਂ ਪ੍ਰਕਾਸ਼ਤ ਹੋਏ ਪੰਜਾਬ ਦਾ ਚਲਦਾ ਦੌਰ ਨਾਮੀ ਰਪੋਰਟ ਵਿਚ ਬੜੇ ਖੁਲੇ ਵੇਰਵੇ ਨਾਲ ਛਪਿਆ ਹੋਇਆ ਮੌਜੂਦ ਹੈ।

ਇਹ ਪੰਜਾਬੀ ਦੀ ਤਾਰੀਖ਼ ੧੯੨੬ ਤੋਂ ੧੯੩੨ ਤਕ ਦੀ ਬੜੀ ਕੰਮ ਆਉਣ ਵਾਲੀ ਚੀਜ਼ ਹੈ। ਬੜੇ ਸ਼ੋਕ ਦੀ ਗਲ ਹੈ ਕਿ ੨੪ ਅਗਸਤ ਸੰਨ ੧੯੩੫ ਨੂੰ ਸਰਦਾਰ ਐਸ.ਐਸ. ਚਰਨ ਸਿੰਘ ਜੀ ਸ਼ਹੀਦ ਦੀ ਅਚਾਨਕ ਮੌਤ ਨੇ ਪੰਜਾਬੀ ਦੀ ਚਲਦੀ ਗੱਡੀ ਨੂੰ ਅਟਕਾ ਦਿੱਤਾ ਤੇ ਅਜੇ ਤਕ ਭੀ ਉਹ ਚਾਲ ਪੈਦਾ ਨਹੀਂ ਹੋ ਸਕੀ। ਸੰਨ ੧੯੩੭ ਵਿਚ ਲਾਹੌਰ ਨਿਵਾਸੀ ਕੁਝ ਕਵੀਆਂ ਨੇ ਪੰਜਾਬੀ ਲਿਟਰੇਰੀ ਲੀਗ ਕਾਇਮ ਕੀਤੀ ਅਤੇ ੧੯੩੮ ਵਿਚ ਫੇਰ ਇਕ ਹੰਭਲੇ ਨਾਲ ਪੰਜਾਬੀ ਸਭਾ ਪੰਜਾਬ ਦੀ ਥਾਪਨਾ ਹੋਈ ਜਿਸ ਦੇ ਪ੍ਰਧਾਨ ਲਾਲਾ ਧਨੀ ਰਾਮ 'ਚਾਤ੍ਰਿਕ', ਉਪ-ਪ੍ਰਧਾਨ ਮੁਨਸ਼ੀ ਮੌਲਾ ਬਖ਼ਸ਼ ਕੁਸ਼ਤਾ, ਤੇ ਪੰਡਤ ਰਾਮ ਸਰਨ ਐਡਵੋਕੇਟ ਅਤੇ ਜਨਰਲ ਸੈਕ੍ਰਟਰੀ ਸਰਦਾਰ ਰਘੁਬੀਰ ਸਿੰਘ ਜੀ 'ਬੀਰ' ਬੀ.ਏ. ਮੁਕੱਰਰ ਹੋਏ।

ਅੰਮ੍ਰਿਤਸਰ ਲਾਹੌਰ ਤੋਂ ਸਿਵਾਇ ਪੰਜਾਬੀ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਵਿਚ ਭੀ ਆਪੋ ਆਪਣੀਆਂ ਪੰਜਾਬੀ ਸਭਾਵਾਂ ਕਾਇਮ ਹੋਈਆਂ ਹੋਈਆਂ ਹਨ। ਰਾਵਲਪਿੰਡੀ, ਲਾਇਲਪੁਰ, ਸਰਗੋਧਾ, ਜਾਲੰਧਰ, ਨੌਸ਼ਹਿਰਾ ਆਦਿਕ ਨਾਮ ਖ਼ਾਸ ਤੌਰ ਤੇ ਲਏ ਜਾਂਦੇ ਹਨ। ਇਹ ਸਾਰੀਆਂ ਸਭਾਵਾਂ ਨੇ ਆਪਣੇ ਵਿਤ ਅਨੁਸਾਰ ਡਾਢੇ ਪ੍ਰੇਮ ਨਾਲ ਪੰਜਾਬੀ ਦਾ ਭੰਡਾਰਾ ਭਰਿਆ। ਧਾਰਮਕ,ਲਿਟ੍ਰੇਰੀ ਅਤੇ ਪੋਲੀਟੀਕਲ ਕੰਮਾਂ ਵਿਚ ਬਿਨਾਂ ਤਮੀਜ਼ ਹਿੰਦੂ ਮੁਸਲਿਮ ਦੇ, ਪੂਰੀ ਦਿਲਚਸਪੀ ਲੈਂਦੇ ਰਹੇ। ਇਨ੍ਹਾਂ ਦਿਲਚਸਪੀਆਂ ਵਿਚ ਹਿੱਸਾ ਲੈਣ ਵਾਲੇ ਕਵੀਆਂ ਦੇ ਨਾਮ ਯਾਦ ਨਾ ਰਖਣੇ ਠੀਕ ਨਹੀਂ ਹੋਵੇਗਾ। ਇਸ ਲਈ ਅਸੀਂ ਉਨ੍ਹਾਂ ਦਾ ਜ਼ਿਕਰ ਦੋ ਹਿੱਸਿਆਂ ਵਿਚ ਵੰਡਦੇ ਹਾਂ।

(੧) ਪਹਿਲਾ ਦੌਰ ੧੯੨੬ ਤੋਂ

ਲਾਲਾ ਧਨੀ ਰਾਮ ਚਾਤ੍ਰਿਕ
ਗਿਆਨੀ ਹੀਰਾ ਸਿੰਘ ਜੀ 'ਦਰਦ'।
ਮੁਨਸ਼ੀ ਮੌਲਾ ਬਖਸ਼ ਕੁਸ਼ਤਾ।
ਮੁਨਸ਼ੀ ਮੁਹੰਮਦ ਇਸਮਾਈਲ ਮੁਸ਼ਤਾਕ (ਕਾਲ ਹੋ ਗਏ)
ਹਾਜੀ ਮੁਹੰਮਦ ਹੁਸੈਨ ਖੁਸ਼ਨੂਦ (ਕਾਲ ਹੋ ਗਏ)
ਸਰਦਾਰ ਐਸ. ਐਸ. ਚਰਨ ਸਿੰਘ ਸ਼ਹੀਦ (ਕਾਲ ਹੋ ਗਏ)
ਉਸਤਾਦ ਗੁਲਾਮ ਮੁਹੰਮਦ ਗਾਮ (ਕਾਲ ਹੋ ਗਏ)
ਡਾਕਟਰ ਦੇਵੀ ਦਾਸ 'ਹੁੰਦੀ'
ਗਿਆਨੀ ਗੁਰਮੁਖ ਸਿੰਘ 'ਮੁਸਾਫਰ'
ਉਸਤਾਦ ਮੁਹੰਮਦ ਰਮਜ਼ਾਨ 'ਹਮਦਮ'।
ਮੀਆਂ ਰੋਜ਼ ਦੀਨ 'ਸ਼ਰਫ'।

-੨੨-