ਪੰਨਾ:ਪੰਜਾਬ ਦੇ ਹੀਰੇ.pdf/28

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਦਾਮ-ਛੋਲੇ
ਸੁਖਨਿਧਾਨ-ਭੰਗ
ਸੁਚਾਲਾ-ਲੰਗੜਾ
ਲਖਬਾਂਹਾ-ਲੰਜਾ
ਕਲਗਾ-ਰੰਜਾ
ਗੁਬਿੰਦੀਆਂ-ਗਾਜਰਾਂ
ਸਮੁੰਦਰ-ਦੁਧ
ਸਵਾ ਲਖ-ਇਕ
ਸੋਫਾਜੰਗ-ਟਕੁਆਂ
ਪੰਜਵਾਂ-ਘਿਉ

ਸਲੋਤਰ-ਸੋਟਾ
ਜੋੜ ਮੇਲਣੀ-ਸੂਈ
ਠੀਕਰੀਆਂ-ਰੁਪਏ
ਧਰਮਰਾਜ ਦਾ ਪੁਤ੍ਰ-ਬੁਖਾਰ
ਪੰਜਾਹ ਹਜ਼ਾਰ ਪ੍ਰਸ਼ਾਦਾ-ਅਧੀ ਰੋਟੀ
ਫਿਰਨੀ ਦੀ ਸਵਾਰੀ-ਚੱਕੀ ਪੀਹਣਾ
ਬਾਜ਼ ਦਾ ਸ਼ਿਕਾਰ-ਘਾਹ ਖੋਦਣਾ
ਮਾਮਲਾ ਲੈਣਾ-ਭੀਖ ਮੰਗਣੀ
ਸਜ਼ਾਖੀ-ਛਾਨਣੀ
ਸਿਰ ਖੰਡੀ-ਸ਼ਕਰ, ਖੰਡ

ਏਹ ਸ਼ਬਦ ਦਲੇਰੀ ਦੇ ਉਪਜਾਉ ਇਸ ਵਾਸਤੇ ਰਚੇ ਗਏ ਸਨ, ਕਿ ਆਪਣੀ ਧਨ ਪਦਾਰਥ ਦੀ ਟੋਟ ਵਿਚ ਭੀ ਹੌਸਲਾ ਬਣਿਆ ਰਹੇ |

ਪੰਜਾਬੀ ਸਭਾ

ਹਿੰਦੂ ਮੁਸਲਮਾਨਾਂ ਤੇ ਸਿਖਾਂ ਦੀਆਂ ਆਪੋ ਆਪਣੀਆਂ ਜਥੇ-ਬੰਦੀਆਂ ਮੌਜੂਦ ਸਨ, ਪਰ ਸਭ ਦੀ ਸਾਂਝੀ ਪੰਜਾਬੀ ਸਭਾ ਦਾ ਖਿਆਲ ਅੰਦਰ ਅੰਦਰ ਪਕਦਾ ਰਿਹਾ। ਸਭ ਤੋਂ ਪਹਿਲੇ ੧੯੨੬ ਦੀਆਂ ਗਰਮੀਆਂ ਵਿਚ ਗਿਆਨੀ ਹੀਰਾ ਸਿੰਘ ਜੀ 'ਦਰਦ' ਐਡੀਟਰ ਫੁਲਵਾੜੀ ਦੇ ਮਕਾਨ ਪਰ ਇਕ ਇਕੱਠ ਬੁਲਾਇਆ ਗਿਆ, ਜਿਸ ਵਿਚ ਬਹੁਤ ਸਾਰੇ ਹਿੰਦੂ ਮੁਸਲਮਾਨ ਤੇ ਸਿਖ ਸਜਣਾਂ ਨੇ ਇਕ ਮਰਕਜ਼ੀ ਸਭਾ ਅਮ੍ਰਿਤਸਰ ਵਿਚ ਕਾਇਮ ਕਰਨ ਦੀ ਤਜਵੀਜ਼ ਪਰਵਾਨ ਕੀਤੀ। ਕਵੀਆਂ ਤੋਂ ਸਿਵਾਇ ਪ੍ਰੋਫ਼ੈਸਰ ਤੇਜਾ ਸਿੰਘ ਆਦਿਕ ਪਤਵੰਤੇ ਸਜਣ ਭੀ ਸ਼ਾਮਲ ਸਨ। ਉਸ ਵੇਲੇ "ਪੰਜਾਬੀ ਸਭਾ ਪੰਜਾਬ" ਦੇ ਨਾਮ ਨਾਲ ਕਾਇਮ ਹੋਈ । ਪ੍ਰਧਾਨ ਲਾਲਾ ਧਨੀ ਰਾਮ 'ਚਾਤ੍ਰਿਕ' ਅਤੇ ਸਕੱਤ੍ਰ ਗਿਆਨੀ ਹੀਰਾ ਸਿੰਘ ਜੀ 'ਦਰਦ' ਬਣੇ। ਮੁਨਸ਼ੀ ਮੌਲਾ ਬਖ਼ਸ਼ 'ਕੁਸ਼ਤਾ', ਮੁਨਸ਼ੀ ਮੁਹੰਮਦ ਹੁਸੈਨ 'ਖ਼ੁਸ਼ਨੂਦ', ਡਾਕਟਰ ਦੇਵੀ ਦਾਸ 'ਹਿੰਦੀ' ਤੇ ਹੋਰ ਕਈ ਇਕ ਪ੍ਰਸਿੱਧ ਸਜਣਾਂ ਨੇ ਸਭਾ ਦਾ ਵਕਾਰ ਉੱਚਾ ਕਰਨ ਲਈ ਮੋਢਾ ਪੇਸ਼ ਕੀਤਾ। ੧੯੨੬ ਵਿਚ ਪੁਰਾਣੇ ਅਖਾੜਿਆਂ ਤੋਂ ਜ਼ਰਾ ਸੁਧਰੀ ਹੋਈ ਸੂਰਤ ਵਿਚ ਕਈ ਇਕ ਛੋਟੇ ਛੋਟੇ ਮੁਸ਼ਾਇਰੇ ਇਸ ਸਭਾ ਵਲੋਂ ਅੰਮ੍ਰਿਤਸਰ ਵਿਚ ਕਰਵਾਏ ਗਏ।

੧੯੨੭ ਅਕਤੂਬਰ ਮਹੀਨੇ ਵਿਚ ਇਸੇ ਸਭਾ ਦੇ ਉੱਦਮ ਨਾਲ ਪਹਿਲੀ ਪੰਜਾਬੀ ਕਾਨਫਰੰਸ ਰਚਾਈ ਗਈ । ਇਹ ਕਾਨਫ਼ਰੰਸ ਪੰਜਾਬੀ ਦੀ ਤਾਰੀਖ਼ ਵਿਚ ਪਹਿਲਾ ਮੌਕਾ ਸੀ; ਹੇਠ ਲਿਖੇ ਅਹੁਦੇਦਾਰ ਚੁਣੇ ਗਏ:

ਪ੍ਰਧਾਨ-ਆਨਰੇਬਲ ਕੇ. ਬੀ. ਸਰ ਸ਼ਹਾਬੁਦੀਨ ਚੌਧਰੀ ।

-੨੦-