ਪੰਨਾ:ਪੰਜਾਬ ਦੇ ਹੀਰੇ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤੋਂ ਸਿਵਾਇ ਹੋਰ ਭੀ ਪੰਜਾਬੀ ਦੇ ਗੀਤ ਬਜ਼ਾਰੀ ਕੁਤਬ ਫ਼ਰੋਸ਼ਾਂ ਨੇ ਛਪਵਾਏ ਹੋਏ ਹਨ।

ਬਾਤਾਂ ਬਹੁਤ ਹਦ ਤਕ ਬੱਚਿਆਂ ਦੇ ਜੀ ਪਰਚਾਉਣ ਵਾਸਤੇ ਲਿਖੀਆਂ ਜਾ ਸਕਦੀਆਂ ਹਨ। ਸੋ ਪੰਜਾਬੀ ਵਿਚ ਇਕ ਮਾਹਵਾਰੀ ਪਰਚਾ 'ਬਾਲਕ' ਨਾਮ ਦਾ ਕਈ ਸਾਲ ਤੋਂ ਗਿਆਨੀ ਲਾਲ ਸਿੰਘ ਜੀ ਬੀ. ਏ. ਦੀ ਐਡੀਟਰੀ ਵਿਚ ਨਿਕਲਦਾ ਰਿਹਾ ਹੈ। ਇਸ ਵਿਚ ਬੱਚਿਆਂ ਦੇ ਮਨ ਪਰਚਾਵੇ ਦੀਆਂ ਬੇਅੰਤ ਕਹਾਣੀਆਂ ਨਿਕਲ ਚੁਕੀਆਂ ਹਨ। ਉਰਦੂ ਹਿੰਦੀ ਵਿਚ ਭੀ ਬੱਚਿਆਂ ਦੇ ਰਸਾਲੇ ਬਹੁਤ ਸਾਰੇ ਨਿਕਲ ਰਹੇ ਹਨ ਪਰ ਪੰਜਾਬੀ ਦਾ ਇਹ ਇਕੋ ਇਕ ਰਸਾਲਾ ਹੈ। ਇਸ ਵਿਚ ਨਾ ਕੇਵਲ ਕਹਾਣੀਆਂ ਹੀ ਹਨ ਸਗੋਂ ਬੁਝਾਰਤਾਂ ਭੀ ਹਨ। ਅਜ ਕਲ ਰੇਡੀਓ ਦਾ ਵਰਤਾਓ ਆਮ ਹੁੰਦਾ ਜਾਂਦਾ ਹੈ, ਇਸ ਲਈ ਬੱਚਿਆਂ ਦੇ ਪ੍ਰੋਗਰਾਮ ਵਿਚ ਭੀ ਆਮ ਕਹਾਣੀਆਂ ਤੇ ਬੁਝਾਰਤਾਂ ਸੁਣਾਈਆਂ ਜਾਂਦੀਆਂ ਹਨ।

ਕਵੀ ਕਿਸ਼ਨ ਸਿੰਘ ਆਰਫ ਨੇ ਆਪਣੀ ਜ਼ਿੰਦਗੀ ਵਿਚ ਪੰਜਾਬੀ ਬੁਝਾਰਤਾਂ ਬਹੁਤ ਲਿਖੀਆਂ ਸਨ, ਪਰ ਆਮ ਬੁਝਾਰਤਾਂ ਜੋ ਬੱਚੇ ਆਪੋ ਵਿਚ ਬੈਠ ਕੇ ਖਾਣ ਤੇ ਸੌਣ ਦੇ ਦਰਮਿਆਨੀ ਵਕਤ ਵਿਚ ਪਾਉਂਦੇ ਹਨ, ਇਨ੍ਹਾਂ ਤੋਂ ਵਖਰੀਆਂ ਹਨ। ਕਿਸ਼ਨ ਸਿੰਘ ਦੀਆਂ ਬੁਝਾਰਤਾਂ ਵਿਚ ਇਹ ਖ਼ੂਬੀ ਸੀ ਕਿ ਬੁਝਾਰਤ ਦੇ ਅੰਦਰ ਹੀ ਉਸ ਦਾ ਅਰਥ ਹੁੰਦਾ ਸੀ। ਜਿਹਾ ਕਿ

ਇਕ ਜੋ ਦੇਖਿਆ ਹਮ ਨੇ ਨਰ,
ਗਿਕੱਲਾ ਹੀ ਉਹ ਸਾਂਭੇ ਘਰ।
ਕਿਸ਼ਨ ਸਿੰਘ ਜਦ ਨਾਰ ਟਟੋਲੇ,
ਤਦ ਉਹ ਬੰਦਾ ਜੰਦਰਾ ਖੋਲੇ।

ਬੱਚਿਆਂ ਦੀਆਂ ਆਮ ਬੁਝਾਰਤਾਂ ਨੂੰ ਉਸਤਾਦ ਕਰੀਮ ਬਖ਼ਸ਼ ਲਾਹੌਰੀ ਨੇ ਲਿਖਿਆ ਤੇ ਐਮ. ਡੀ. ਮੋਹੀਆਲ ਨੇ ਉਰਦੂ ਅਖਰਾਂ ਵਿਚ ਛਪਵਾਇਆ ਹੋਇਆ ਹੈ, ਜਿਸ ਦਾ ਰਿਵਾਜ ਆਮ ਹੁੰਦਾ ਜਾਂਦਾ ਹੈ। ਇਨ੍ਹਾਂ ਨਾਲ ਬੱਚਿਆਂ ਦੀ ਸੋਚਣ ਦੀ ਤਾਕਤ ਵਧਦੀ ਹੈ। ਨਮੂਨੇ ਵਜੋਂ ਕੁਝ ਬੁਝਾਰਤਾਂ ਹੇਠ ਦੇਂਦੇ ਹਾਂ।

(੧) ਨਿਕੀ ਜਿਹੀ ਕੁੜੀ, ਲੈ ਪਰਾਂਦਾ ਤੁਰੀ——————ਸੂਈ।
(੨) ਨੀਲੀ ਟਾਕੀ ਚੌਲ ਬੱਧੇ, ਦਿਨੇ ਗੁਆਚੇ ਰਾਤੀਂ ਲੱਭੇ——————ਤਾਰੇ।
(੩) ਇਕ ਜਨੌਰ ਐਸਾ ਉਦ੍ਹੀ ਚੁੰਜ ਉਤੇ ਪੈਸਾ——————ਪੋਸਤ ਦਾ ਡੋਡਾ।
ਬੁਝਾਰਤਾਂ ਦੇ ਹੋਰ ਭੀ ਛੋਟੇ ਛੋਟੇ ਰਸਾਲੇ ਮਿਲਦੇ ਹਨ।

ਅਖਾਣ

ਕਹਾਵਤਾਂ ਤੇ ਬੁਝਾਰਤਾਂ ਤੋਂ ਬਿਨਾਂ ਅਖਾਣ ਤੋਂ ਮੁਹਾਵਰੇ ਭੀ ਘਰ ਘਰ ਵਰਤੇ

-੧੭-