ਪੰਨਾ:ਪੰਜਾਬ ਦੇ ਹੀਰੇ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੩ )

ਲਾ: ਸੁੰਦਰ ਦਾਸ

ਉਪਨਾਮ ਆਰਾਮ। ਸ੍ਰ: ਕਰਮ ਸਿੰਘ ਹਿਸਟੋਰੀਅਨ ਨੇ ਆਪ ਦਾ ਨਾਂ ਸੀਤਾ ਰਾਮ ਲਿਖਿਆ ਹੈ ਅਤੇ ਦਸਿਆ ਹੈ ਕਿ ਆਪ ਮੀਰ ਮੰਨੂੰ ਦੇ ਸਮੇਂ ਹੋਏ।

ਆਪ ਫੌਜਦਾਰ ਦੇ ਮੁਨਸ਼ੀ ਹੋ ਕੇ ਝੰਗ ਗਏ ਅਤੇ ਉਥੇ ਕੁਝ ਚਿਰ ਰਹੇ। ਇਸ ਸਮੇਂ ਵਿੱਚ ਆਪ ਨੇ ਮਸਨਵੀ ਹੀਰ ਰਾਂਝਣ ਫਾਰਸੀ ਬੋਲੀ ਵਿੱਚ ਲਿਖਿਆ। ਆਪ ਫਾਰਸੀ ਦੇ ਭੀ ਚੰਗੇ ਉਸਤਾਦ ਹੋਣ ਤੋਂ ਛੁਟ ਪੰਜਾਬੀ ਦੇ ਭੀ ਚੋਟੀ ਦੇ ਕਵੀ ਸਨ। ਆਪ ਨੇ ਸਸੀ ਪੁੰਨੂੰ ਦਾ ਕਿੱਸਾ ਪੰਜਾਬੀ ਵਿੱਚ ਲਿਖਿਆ ਹੈ ਵੇਖੋ ਵਨਗੀ:-

ਆਖਣ ਐਸੀ ਹੁਸਨ ਦੀ ਸੂਰਤ, ਦੁਨੀਆਂ ਵਿੱਚ ਨਾ ਕਾਈ।
ਰੱਬ ਨੇ ਹੂਰ ਬਹਿਸ਼ਤ ਦੀ ਸਾਨੂੰ, ਕਰਕੇ ਲੁਤਫ਼ ਭਿਜਾਈ।
ਆਪ ਜੇ ਲੁਤਫ਼ ਕਰਮ ਤੇ ਆਵੇ, ਖਰਿਉਂ ਬੂੰਦ ਵਸਾਂਦਾ।
ਸੁੱਕੇ ਬਨ ਕਰ ਕਰ ਹਰਿਆਵਲ, ਮੇਵਾ ਨਾਲ ਲਗਾਂਦਾ।
ਲਹੂ ਨੂੰ ਉਹ ਚਾ ਦੁਧ ਕਰੇ, ਤੇ ਦੁਧੋਂ ਘਿਉ ਉਪਜਾਵੇ।
ਖਾਰੋਂ ਗੁਲ ਕਰਦਾ ਏ ਪੋਦਾ, ਪਥਰੋ ਲਾਲ ਬਣਾਵੇ।

ਹਥੀਂ ਜੇਹੜੀ ਗੰਢ ਖੁਲ੍ਹੇ ਤਿਸ ਦੰਦੀ, ਜ਼ੋਰ ਨ ਲਾਈਏ।
ਕਹਿਣ ਸਿਆਣੇ ਸੱਪ ਮਾਰੀਏ ਲਾਠੀ ਹਥ ਬਚਾਈਏ।
ਮਾਉਂ ਆਖੇ ਮੈਂ ਜਾਨ ਦੇਸਾਂ ਪਰ ਤੈਨੂੰ ਜਾਣ ਨ ਦੇਸਾਂ।
ਉਂਬਰ ਤੰਬਰ ਭਾਈ ਤੇਰੇ ਓਥੇ ਦਾ ਭਿਜੇਬਾਂ।
ਚਿਰ ਜੀਵੇਂ ਤੂੰ ਜਿੰਦ ਅਸਾਡੀ ਜਿੰਦ ਨੂੰ ਕੌਣ ਵਿਛੇੜੇ।
ਭੱਠ ਖਰਲ ਤੇ ਭੱਠ ਸੌਦਾਗਰ ਮਰਸਨ ਬਧੇ ਤੋੜੇ।

ਉਸ ਦਿਲਬਰ ਦਾ ਬਹਾਇਆ ਦੇਰ ਤੇ ਖੁਸ਼ੀ ਨਾਲ।
ਆਖਿਓ ਸੂ ਮਾਉਂ ਨੂੰ ਵਰ ਲੱਧਾ ਮੈਂ ਭਲਾ ਭਾਲ।
ਮਾਂ ਆਖੇ ਵਰ ਧੀਆਂ ਆਪ ਨ ਕਰਦੀਆਂ।
ਜਿਸ ਨੂੰ ਦੇਵਣ ਮਾਪੇ ਸਿਰ ਤੇ ਧਰਦੀਆਂ।

ਸਸੀ ਪਨੂੰ ਦਾ ਇਹ ੨੧ ਸਫਿਆਂ ਦਾ ਕਿੱਸਾ ਬੜੇ ਬਰੀਕ ਟਾਈਪ ਦਾ ਹੈ। ਇਉਂ ਖਤਮ ਕਰਦੇ ਹਨ:-

ਸਭ ਕਲਾਅ ਕਰ ਪੰਜ ਬਹਿਰ ਤਾਰੀਖ ਮਲਾਈ।
ਸਸੀ ਪੁਨੂ ਦੀ ਜੋਸ਼ ਇਸ਼ਕ ਪੰਜ ਨਦ ਵਹਾਈ।

ਇਸ ਸ਼ੇਅਰ ਤੋਂ ੧੧੭੨ ਹਿ: ਪਤਾ ਲਗਦਾ ਹੈ। ਇਸ ਪੁਸਤਕ ਦੇ ਪੰਜ ਕਾਂਡ ਹਨ, ਜਿਨ੍ਹਾਂ ਨੂੰ ਪੰਜ ਨਦੀਆਂ ਦਸਿਆ ਗਿਆ ਹੈ।

ਇਸੇ ਪੁਸਤਕ ਦੇ ਅੰਤ ਵਿਚ ਇਕ ਪੰਜਾਬੀ ਸੀਹਰਫੀ ਹੈ,ਜੋ ਬੜੀ ਸੁਆਦਲੀ ਹੈ।