ਪੰਨਾ:ਪੰਜਾਬ ਦੇ ਹੀਰੇ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਅੱਖਰ ਨਾ ਕੇਵਲ ਪੜ੍ਹਾਈ ਦਾ ਸਾਧਨ ਹੋਣ ਸਗੋਂ ਦਫਤ੍ਰੀ ਬੋਲੀ ਵੀ ਪੰਜਾਬੀ ਗੁਰਮੁਖੀ ਵਿਚ ਹੋ ਜਾਵੇ। ਸਿਖਾਂ ਨੂੰ ਭਰੋਸਾ ਸੀ ਕਿ ਮਹਾਰਾਜਾ ਸਿਖ ਹੈ ਇਸ ਲਈ ਸਾਡੀ ਸਲਾਹ ਨੂੰ ਮੰਨ ਲਏਗਾ। ਉਧਰ ਮੁਸਲਮਾਨਾਂ ਦਾ ਖਿਆਲ ਸੀ ਕਿ ਬਾਦਸ਼ਾਹ ਵਜ਼ੀਰਾਂ ਦੀ ਸਲਾਹ ਮੰਨਦੇ ਹਨ ਤੇ ਵਜ਼ੀਰ ਫਕੀਰ ਅਜ਼ੀਜ਼ੁਦੀਨ ਹੈ, ਜੋ ਜ਼ਰੂਰ ਸਾਡਾ ਹੀ ਪਖ ਕਰੇਗਾ ਪਰ ਅਖੀਰ ਵਿਚ ਇਹ ਝਗੜਾ ਪੰਜਾਬੀ ਬੋਲੀ ਵਾਸਤੇ ਭੈੜਾ ਸਾਬਤ ਹੋਇਆ ਤੇ ਮਹਾਰਾਜ ਨੂੰ ਉਹੋ ਫਾਰਸੀ ਬੋਲੀ ਤੇ ਲਿਖਣ-ਢੰਗ ਵਰਤਵਾਣਾ ਪਿਆ।

ਬੋਲੀ ਵਿਚ ਵਖੇਵੇਂ

ਹਿੰਦੂ ਸ਼ੁਰੂ ਤੋਂ ਸੰਸਕ੍ਰਿਤ, ਪਾਕ੍ਰਿਤ ਅਰ ਬ੍ਰਿਜ ਭਾਸ਼ਾ ਲਿਖਦੇ-ਬੋਲਦੇ ਰਹੇ, ਇਸ ਲਈ ਉਨਾਂ ਨੇ ਹਿੰਦਵਾਣੀ ਪਦਾਂ ਨੂੰ ਬਹੁਤ ਵਰਤਣਾ ਹੀ ਸੀ। ਇਸ ਪੱਖ ਵਿਚ ਹਿੰਦੂ ਅਤੇ ਸਿਖ ਲਿਖਾਰੀਆਂ ਵਿਚ ਕੋਈ ਭਿੰਨ ਭੇਦ ਪੈਦਾ ਨਹੀਂ ਹੋਇਆ। ਮੁਸਲਮਾਨਾਂ ਦੀ ਘਰੋਗੀ ਬੋਲੀ ਅਰਬੀ ਫਾਰਸੀ ਸੀ ਇਸ ਲਈ ਉਨ੍ਹਾਂ ਨੇ ਜਦ ਪੰਜਾਬੀ ਨੂੰ ਅਪਣਾਇਆ ਤਾਂ ਉਸ ਵਿਚ ਅਰਬੀ ਫਾਰਸੀ ਦਾ ਰੰਗ ਚੋਖਾ ਚੜ੍ਹ ਚੁਕਾ ਸੀ। ਸਿਖਾਂ ਦੀ ਵਖਰੀ ਬੋਲੀ ਸਿਵਾਇ ਗੁਰਬਾਣੀ ਦੇ ਨਹੀਂ ਸੀ ਇਸ ਲਈ ਉਨ੍ਹਾਂ ਨੇ ਭੀ ਬ੍ਰਿਜਭਾਸ਼ਾ ਨੂੰ ਉਸੇ ਬਹੁਤਾਤ ਨਾਲ ਵਰਤਿਆ, ਜਿਸ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਮ ਗ੍ਰੰਥ ਸਾਹਿਬ ਵਿਚ ਆਪ ਅਤੇ ੫੨ ਕਵੀਆਂ ਪਾਸੋਂ ਲਿਖਵਾਇਆ ਸੀ। ਕਵੀ ਸੰਤੋਖ ਸਿੰਘ, ਸੁਖਾ ਸਿੰਘ, ਆਦਿਕ ਨੇ ਭੀ ਕਿਤੇ ਕਿਤੇ ਬਹੁਤ ਔਖੀ ਬ੍ਰਿਜ ਭਾਸ਼ਾ ਵਰਤੀ। ਪਰੰਤੂ ਪੰਜਾਬੀ ਬੋਲੀ ਦੀ ਹਾਲਤ ਵਿਚ ਇਸਲਾਮੀ ਰਾਜ ਦਾ ਅਸਰ ਹਰੀ ਕੈਮ ਰਿਹਾ । ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਵਿਚ ਭੀ ਫਾਰਸੀ ਅਰਬੀ ਦੇ ਪਦ ਆਮ ਮਿਲਦੇ ਹਨ। ਜੈਸਾ ਕਿ:- ਯਕ ਅਰਜ ਗੁਫਤਮ ਸਿ ਤੋਂ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂੰ ਬੇ ਐਬ ਪਰਵਦਗਾਰ॥ ਗੱਲ ਕੀ,ਸੰਸਕ੍ਰਿਤ ਅਤੇ ਅਰਬੀ ਫ਼ਾਰਸੀ ਦਾ ਰੰਗ ਪੰਜਾਬੀ ਉਤੇ ਐਸਾ ਗੁਪਤ ਰੀਤੀ ਨਾਲ ਚੜ੍ਹਦਾ ਰਿਹਾ ਕਿ ਉਨਾਂ ਦਾ ਨਖੇੜਨਾ ਅਸੰਭਵ ਹੋ ਗਿਆ ਹੈ ਅਤੇ ਐਸਾ ਕਰਨ ਦਾ ਲਾਭ ਭੀ ਕੋਈ ਨਹੀਂ। ਪੰਜਾਬੀ ਦਾ ਹਾਜ਼ਮਾ ਐਡਾ ਤੇਜ਼ ਹੈ ਕਿ ਉਸ ਵਿਚ ਜੋ ਪਾ ਦਿਓ, ਬੇਮਲੂਮਾ ਪਚ ਜਾਂਦਾ ਹੈ ; ਜੈਸਾ ਕਿ ਅਜ ਕਲ ਅੰਗ੍ਰੇਜ਼ੀ ਦੇ ਪਦ ਪੰਜਾਬੀ ਨੂੰ ਦਬਾਦਬ ਹਜ਼ਮ ਹੋ ਰਹੇ ਹਨ।

ਇਹ ਨਖੇੜ ਮੁਢੋਂ ਚਲਾ ਆਇਆ ਹੈ ਅਤੇ ਦੋਹਾਂ ਧਿਰਾਂ ਦਾ ਹਕ ਇਕ ਜਿਹਾ ਹੈ, ਇਸ ਲਈ ਇਹ ਕਹਿਣਾ ਹੀ ਠੀਕ ਹੈ ਕਿ ਜੇਹੜੇ ਉਰਦੂ ਲਿਖਣ-ਢੰਗ ਨੂੰ ਪਸੰਦ ਕਰਨ, ਸ਼ੌਕ ਨਾਲ ਵਰਤਣ ਅਤੇ ਜਿਨ੍ਹਾਂ ਨੂੰ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਲਿਖਣਾ ਜਚਦਾ ਹੈ, ਓਹ ਆਪਣੀ ਮਰਜ਼ੀ ਮੁਤਾਬਕ ਲਿਖਣ। ਇਹ ਫੈਸਲਾ ਸਮੇਂ ਦੇ ਹਥ ਵਿਚ ਰਹਿਣ ਦਿਤਾ ਜਾਵੇ ਕਿ ਕਦੋਂ ਜਾ ਕੇ ਕਿਸੇ ਇਕ ਤ੍ਰੀਕੇ ਦਾ ਜ਼ੋਰ ਵਧ ਜਾਵੇ। ਸਮਾਂ ਬੜਾ ਬਲਵਾਨ ਹੈ, ਪੰਝੀ ਪੰਜਾਹ ਵਰਿਹਾਂ ਵਿਚ ਇਸ ਦਾ ਨਿਰਣਾ ਸ਼ਾਇਦ ਆਪਣੇ ਆਪ ਹੀ ਹੋ ਜਾਵੇ।

-੮-