ਪੰਨਾ:ਪੰਜਾਬ ਦੇ ਹੀਰੇ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

"ਵਾਰਸ ਸ਼ਾਹ ਜਿਉਂ ਮੋਰਚੇ ਬੈਠ ਬਿੱਲੀ,
ਸਾਹ ਘੱਟ ਜਾਂਦੀ ਨਹੀਂ ਕੁਸਕਦੀ ਏ”।

ਜੋਗੀ (ਰਾਂਝੇ) ਦੇ ਜਾਣ ਪਿਛੋਂ ਹੀਰ ਸਹਿਤੀ ਨੂੰ ਮਨਾ ਲੈਂਦੀ ਹੈ, ਸਹਿਤੀ ਉਸ ਵੇਲੇ ਬੜੀ ਖੁਸ਼ ਹੁੰਦੀ ਹੈ। ਵਾਰਸ ਓਸ ਮੌੌਕਿਆ ਨੂੰ ਕਿਸ ਖੂਬੀ ਨਾਲ ਵਰਣਨ ਕਰਦੇ ਹਨ:-

ਜਿਵੇਂ ਸੁਬਹ ਦੀ ਕੜਾ ਨਮਾਜ਼ ਹੁੰਦੀ, ਰਾਜ਼ੀ ਹੋ ਸ਼ੈਤਾਨ ਭੀ ਨੱਚਦਾ ਏ।
ਤਿਵੇਂ ਸਹਿਤੀ ਦੇ ਜੀ ਵਿਚ ਖੁਸ਼ੀ ਹੋਈ, ਦਿਲ ਰੰਨਾਂ ਦਾ ਛੱਲੜਾ ਕੱਚ ਦਾ ਏ।
ਜਾਹ ਬਖ਼ਸ਼ਿਆ ਸਭ ਗੁਨਾਹ ਤੇਰਾ, ਤੈਨੂੰ ਇਸ਼ਕ ਕਦੀਮ ਤੋਂ ਸੱਚ ਦਾ ਏ।
ਵਾਰਸ ਸ਼ਾਹ ਚਲ ਯਾਰ ਮਨਾ ਆਈਏ, ਏਥੇ ਨਵਾਂ ਅਖਾਰੜਾ ਮੱਚਦਾ ਏ।

ਇਸਤ੍ਰੀ ਦੇ ਦਿਲ ਨੂੰ-ਕੱਚ ਦਾ ਛੱਲਾ ਕਹਿਣਾ ਵਾਰਸ ਦੇ ਖਿਆਲਾਂ ਦੀ ਉਚਿਆਈ ਦਾ ਕ੍ਰਿਸ਼ਮਾ ਹੈ। ਸੁਲਹ ਹੋ ਜਾਣ ਤੋਂ ਪਿਛੋਂ ਹੀਰ ਸਹਿਤੀ ਨੂੰ ਜੋਗੀ ਨੂੰ ਮਿਲਣ ਵਾਸਤੇ ਕਹਿੰਦੀ ਹੈ। ਸਹਿਤੀ ਜੋਗੀ ਦੇ ਪਾਸ ਜਾਣ ਲਗਿਆਂ ਨਾਲ ਲੈ ਜਾਣ ਵਾਸਤੇ ਖੰਡ ਅਤੇ ਮਲਾਈ ਦੇ ਥਾਲ ਉਪਰ ਪੰਜ ਮੁਹਰਾਂ ਰਖ ਕੇ ਕਪੜੇ ਵਿਚ ਲਪੇਟ ਕੇ ਲੈ ਜਾਣ ਲਈ ਤਿਆਰ ਕਰਦੀ ਹੈ। ਹੀਰ ਚੁਪ ਚੁਪੀੜੇ ਖੰਡ ਮਲਾਈ ਅਤੇ ਮੁਹਰਾਂ ਦੀ ਥਾਂ ਥਾਲ ਵਿਚ ਚਾਵਲ ਖੰਡ ਅਤੇ ਪੰਜ ਪੈਸੇ ਰੱਖ ਦੇਂਦੀ ਹੈ। ਸਹਿਤੀ ਨੂੰ ਉੱਕਾ ਏਸ ਗਲ ਦਾ ਪਤਾ ਵੀ ਨਹੀਂ ਹੁੰਦਾ; ਪਰ ਹੀਰ ਤੇ ਜੋਗੀ ਦੀ ਗਲ ਪਹਿਲਾਂ ਪੱਕੀ ਹੁੰਦੀ ਹੈ, ਕਿ ਇਸ ਤਰ੍ਹਾਂ ਕੀਤਾ ਜਾਵੇਗਾ। ਹੀਰ ਸਹਿਤੀ ਨੂੰ ਆਖਦੀ ਹੈ ਕਿ ਜੋਗੀ ਵਡਾ ਕਰਾਮਾਤਾਂ ਵਾਲਾ ਹੈ। ਸਹਿਤੀ ਜਵਾਬ ਦੇਂਦੀ ਹੈ ਕਿ ਜੇ ਉਹ ਵਡਾ ਕਰਾਮਾਤ ਵਾਲਾ ਹੈ, ਤਾਂ ਏਨਾਂ ਹੀ ਦੱਸ ਦੇਵੇ ਕਿ ਮੈਂ ਉਸ ਦੇ ਵਾਸਤੇ ਕੀ ਲਿਆਈ ਹਾਂ? ਜੋਗੀ ਦਸ ਦੇਂਦਾ ਹੈ ਅਰ ਉਹ ਉਸ ਦੀ ਪੱਕੀ ਚੇਲੀ ਬਣ ਜਾਂਦੀ ਹੈ। ਸ਼ਾਹ ਹੋਰੀ ਬਨੌਟੀ ਫਕੀਰਾਂ ਤੇ ਸਾਧੂਆਂ ਦੀਆਂ ਠੱਗ ਬਾਜ਼ੀਆਂ ਦਾ ਇੰਵ ਨਕਸ਼ਾ ਖਿਚਦੇ ਹਨ-

ਸਹਿਤੀ ਖੰਡ ਮਲਾਈ ਦੀ ਥਾਲ ਭਰਿਆ, ਚਾ ਕੱਪੜੇ ਵਿਚ ਲਕਾਇਆ ਈ।
ਜਿਹਾ ਵਿਚ ਨਮਾਜ਼ ਵਸ੍ਵਾਸ ਗੈਬੋ, ਇਜਾਜੀਲ ਬਣਾ ਲਿਆਇਆ ਈ।
ਉਤੇ ਪੰਜ ਮੁਹਰਾਂ ਰੋਕ ਰਖੀਆਂ ਸੂ, ਜਾ ਫਕਰਮਦਾ ਫੇਰੜਾ ਪਾਇਆ ਈ।
ਜਦੋਂ ਆਉਂਦੀ ਜੋਗੀ ਨੇ ਉਹ ਡਿੱਠੀ, ਪਿਛਾਂ ਆਪਣਾ ਮੁਖ ਭੁਆਇਆ

ਰਾਂਝਾ ਜੋਗੀਆਂ ਦੇ ਤ੍ਰੀਕੇ ਨਾਲ ਆਖਦਾ ਹੈ-

ਅਸਾਂ ਰੂਹਾਂ ਬਹਿਸ਼ਤੀਆਂ ਬੈਠੀਆਂ ਨੂੰ, ਤਾ ਦੋਜ਼ਖਾਂ ਦਾ ਕਿਥੋਂ ਆਇਆ ਈ।
ਤਲਬ ਮੀਂਹ ਦੀ ਵਗਿਆ ਆਨ ਝਖੜ, ਯਾਰੋ ਆਖਰੀ ਦੌਰ ਹੁਣ ਆਇਆ ਈ।
ਸਹਿਤੀ ਬੰਨ੍ਹ ਕੇ ਹਥ ਸਲਾਮ ਕੀਤਾ, ਅਗੋਂ ਮੂਲ ਜਵਾਬ ਨਾ ਪਾਇਆ ਈ।

ਬਹੁਤ ਸਾਰੇ ਸਵਾਲਾਂ ਜਵਾਬਾਂ ਪਿਛੋਂ ਸਹਿਤੀ ਆਖਦੀ ਹੈ-

ਪੰਡ ਝਗੜਿਆਂ ਦੀ ਕਿਹੀ ਖੋਲ੍ਹ ਬੈਠੋਂ, ਵੱਡਾ ਮਸਖ਼ਰਾ ਏ ਘੁੰਡ ਬਾਵਲ ਵੇ।
ਅਸਾਂ ਇਕ ਸਾਲ ਹੈ ਭਾਲ ਆਂਦੀ, ਭਲਾ ਦਸ ਖਾਂ ਕੀ ਹੈ ਰਾਵਲਾ ਵੇ?
ਉੱਤੇ ਰਖਿਆ ਕੀ ਹੈ ਨਜ਼ਰ ਤੇਰੀ, ਗਿਣੇਂ ਆਪ ਨੂੰ ਬਹੁਤ ਉਤਾਵਲਾ ਵੇ।
ਦੱਸੇ ਬਿਨਾਂ ਨਾ ਜਾਪਦੀ ਜ਼ਾਤ ਤੇਰੀ, ਛੜੇ ਬਾਝ ਨਾ ਥੀਂਵਦੇ ਚਾਵਲਾ ਵੇ।