"ਮੇਰੇ ਵੱਲੋਂ ਤਾਂ ਬਾਣੀਆਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ।"
ਬੇਗੋ ਦੇ ਸ਼ਹਿਦ ਜਹੇ ਮਿੱਠੇ ਬੋਲ ਇੰਦਰ ਦੇ ਕੰਨੀਂ ਪਏ! ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾਂ ਦਾਮਾਂ ਤੋਂ ਆਪਣੀ ਮਰਜ਼ੀ ਦਾ ਕੱਪੜਾ ਲੈ ਰਹੀਆਂ ਸਨ। ਇੰਦਰ ਤਾਂ ਆਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਏਸ ਜਨੂਨੀ ਆਸ਼ਕ ਵਲ ਤੱਕ-ਤੱਕ ਮੁਸਕਰਾਂਦਾ ਪਿਆ ਸੀ, ਟਿਕਚਰਾਂ ਪਿਆ ਕਰਦਾ ਸੀ।
"ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ! ਤੁਸੀਂ ਥਾਨ ਪਰਖਦੇ ਹੋ, ਬੇਗੋ ਇੱਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੇ-ਵੇਖਦੇ ਆਪਣੀ ਦੁਕਾਨ ਫੂਕ ਸਕਦਾ ਹਾਂ....!" ਨਫ਼ਾਖੋਰ ਬਾਣੀਆਂ ਸੱਚਮੁੱਚ ਹੀ ਇਸ਼ਕ ਦਾ ਵਿਓਪਾਰ ਕਰਨ ਲਈ ਉਤਾਵਲਾ ਹੋ ਉੱਠਿਆ ਸੀ।
ਖੁੱਲ੍ਹੇ ਡੁੱਲ੍ਹੇ ਪੇਂਡੂ ਵਾਤਾਵਰਣ ਵਿੱਚ ਪਲੀਆਂ ਅਲ੍ਹੜ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦੇਂਦੀਆਂ ਨੇ। ਉਹਨਾਂ ਝੱਟ ਬੇਗੋ ਦੇ ਮੁੱਖੋਂ ਇਹ ਗੱਲ ਵੀ ਅਖਵਾ ਲਈ:
ਸੁਹਣੇ ਜਹੇ ਮੁਖ ਵਿੱਚੋਂ
ਆਖਿਆ ਮਜਾਜ ਨਾਲ਼
ਫੂਕੇ ਭਾਵੇਂ ਰੱਖੇ
ਮੈਂ ਕੀ ਏਸ ਨੂੰ ਹਟਾਉਣਾ।
ਏਹੋ ਜਿਹਾ ਕਾਹਲਾ
ਅੱਗ ਲਾਵੇ ਹੁਣੇ ਖੜੀਆਂ ਤੋਂ
ਆਖ ਕੇ ਤੇ ਮੈਂ ਕਾਹਨੂੰ
ਮੁਖੜਾ ਥਕਾਉਣਾ।
ਦੇਖਾਂਗੇ ਤਮਾਸ਼ਾ ਜੇ ਤਾਂ
ਅੱਗ ਲਾਊ ਹੱਟੀ ਤਾਈਂ
ਇਹੋ ਜਹੇ ਲੁੱਚੇ ਨੇ ਕੀ
ਇਸ਼ਕ ਕਮਾਉਣਾ।
ਕਰਦਾ ਮਖੌਲ ਘੰਟਾ ਹੋ ਗਿਆ ਨਰੈਣ ਸਿੰਘਾ
ਚਲੋ ਭੈਣੇ ਚਲੋ
ਕਾਹਨੂੰ ਮਗਜ਼ ਖਪਾਉਣਾ।
ਇੰਦਰ ਨੇ ਅੱਖ ਨਾ ਝਮਕਣ ਦਿੱਤੀ। ਮਿੱਟੀ ਦੇ ਤੇਲ ਦੇ ਕਈ ਪੀਪੇ ਉਹਨੇ ਦੁਕਾਨ ਵਿੱਚ ਮਧਿਆ ਦਿੱਤੇ ਤੇ ਲੋਕਾਂ ਦੇ ਰੋਕਦੀ ਰੋਕਦੀ ਦੁਕਾਨ ਨੂੰ ਅੱਗ ਲਾ ਦਿੱਤੀ! ਲਾਟਾਂ ਅਸਮਾਨਾਂ ਨੂੰ ਛੂਹਣ ਲੱਗੀਆਂ।
ਮੁਟਿਆਰਾਂ ਦੀ ਟੋਲੀ ਸਹਿਮੀ, ਸਹਿਮੀ, ਘਬਰਾਈ ਘਬਰਾਈ ਓਥੋਂ ਖਿਸਕ ਤੁਰੀ!
ਪੰਜਾਬ ਦੇ ਲੋਕ ਨਾਇਕ/63