ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/56

ਇਹ ਸਫ਼ਾ ਪ੍ਰਮਾਣਿਤ ਹੈ

ਤੇ ਤੁਹਾਡੇ ਦਰਬਾਰ 'ਚ ਉੱਚਾ ਰੁੱਤਬਾ ਲੈਣ ਖ਼ਾਤਰ ਆਪਣੀ ਧੀਆਂ ਵਰਗੀ ਭਤੀਜੀ ਮਲਕੀ ਨੂੰ ਤੁਹਾਡੇ ਹਰਮ ਵਿੱਚ ਸ਼ਾਮਿਲ ਕਰਕੇ ਮੇਰੀ ਸੌਂਕਣ ਬਣਾਉਣ ਦੀ ਵਿਉਂਤ ਬਣਾ ਕੇ ਉਹਦੇ ਪਤੀ ਕੀਮੇ ਨੂੰ ਵੀ ਫੜ ਲਿਆਇਐ...."

ਰਾਣੀ ਦਾ ਬੋਲਣ ਦਾ ਅੰਦਾਜ਼ ਹੀ ਅਜਿਹਾ ਸੀ ਕਿ ਅਕਬਰ ਦੀ ਆਤਮਾ ਟੁੰਭੀ ਗਈ ਤੇ ਉਹ ਧੁਰ ਅੰਦਰ ਤੱਕ ਝੰਜੋੜਿਆ ਗਿਆ!

ਅਗਲੀ ਸਵੇਰ ਅਕਬਰ ਨੇ ਦਰੀਏ ਨੂੰ ਬੰਦੀਆਂ ਸਮੇਤ ਰਾਜ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਸੁਣਾ ਦਿੱਤਾ!

ਬੰਦੀਆਂ ਸਮੇਤ ਦਰੀਆ ਹਾਜ਼ਰ ਹੋ ਗਿਆ! ਰਾਜੇ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ... ਕਮੀਨਗੀ ਦੇ ਡੋਰੇ ਉਹਦੀਆਂ ਅੱਖੀਆਂ ਵਿੱਚ ਸਾਫ਼ ਝਲਕ ਰਹੇ ਸਨ!

ਅਕਬਰ ਨੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾ ਦਿੱਤਾ ਅਤੇ ਦਰੀਏ ਨੂੰ ਰਾਜ ਦਰਬਾਰ ਨਾਲ਼ ਧੋਖਾਦੇਹੀ ਕਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ!

ਮਲਕੀ ਜਮਨਾ ਤੇ ਉਹਦੀ ਮਾਂ ਰਾਣੀ ਦਾ ਲੱਖ ਲੱਖ ਸ਼ੁਕਰ ਅਦਾ ਕਰ ਰਹੀ ਸੀ ਜਿਨ੍ਹਾਂ ਦੇ ਯਤਨਾਂ ਸਦਕਾ ਉਹਦੇ ਸਿਰ ਦੇ ਸਾਈਂ ਕੀਮੇ, ਬਾਪ ਅਤੇ ਭਰਾਵਾਂ ਦੀ ਬੰਦ ਖ਼ਲਾਸੀ ਹੋਈ ਸੀ।

ਜਮਨਾ ਸਾਰਿਆਂ ਨੂੰ ਆਪਣੇ ਨਾਲ਼ ਥਾਨੇਸਰ ਲੈ ਆਈ! ਜਮਨਾ ਦੇ ਮਹਿਲ ਦੀ ਛੱਤ ਉੱਤੇ ਚੰਦ ਚਾਂਦਨੀ ਰਾਤ ਵਿੱਚ ਕੀਮਾ ਤੇ ਮਲਕੀ ਇੰਜ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ... ਦੋਨੋਂ ਇਕ ਦੂਜੇ 'ਚ ਲੀਨ ਹੋਏ ਖਿੜੀ ਚਾਨਣੀ ਦਾ ਆਨੰਦ ਮਾਣਦੇ ਰਹੇ ਤੇ ਅਗਲੀ ਭਲਕ ਉਹ ਜਮਨਾ ਦਾ ਧੰਨਵਾਦ ਕਰਦੇ ਹੋਏ ਗੜ੍ਹ ਮੁਗ਼ਲਾਣੇ ਨੂੰ ਤੁਰ ਪਏ। ਸਾਰੇ ਵਾਤਾਵਰਣ ਵਿੱਚ ਮੁਹੱਬਤ, ਕੁਰਬਾਨੀ ਅਤੇ ਸਿਦਕ ਦਿਲੀ ਦੀ ਸੁਗੰਧੀ ਮਹਿਕਾਂ ਵੰਡ ਰਹੀ ਸੀ...... ਜਮਨਾ ਆਪਣੇ ਮਹਿਲ ਦੀ ਛੱਤ 'ਤੇ ਖੜੀ ਆਪਣੇ ਮੁਹੱਬਤੀ ਮਹਿਮਾਨਾਂ ਨੂੰ ਜਾਂਦਿਆਂ ਵੇਖ ਰਹੀ ਸੀ.... ਉਹਦੇ ਨੈਣਾਂ 'ਚ ਅਨੋਖੀ ਖ਼ੁਸ਼ੀ ਦੇ ਹੰਝੂ ਟਪਕ ਰਹੇ ਸਨ!

ਪੰਜਾਬ ਦੇ ਲੋਕ ਨਾਇਕ/52