ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ ਹੋਵੇ। ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਹ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖ਼ਬਰ ਦੇ ਆਈ।

ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ। ਉਸ ਮਿਰਜ਼ੇ ਦੁਆਲ਼ੇ ਬਾਹਾਂ ਵਲ਼ ਦਿੱਤੀਆਂ ਤੇ ਡੁਸਕਣ ਲੱਗ ਪਈ।

"ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ। ਹੌਂਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਹੁਤਰੇ ਵਾਸਤੇ ਪਾ ਚੱਕੀ ਏ। ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿੱਚ ਰੋਕਾਂ ਬਣ ਖਲੋਈਆਂ ਨੇ। ਸਾਡਾ ਮਜ਼ਹਬ ਤੇਰੇ ਮੇਰੇ ਵਿਆਹ ਦੀ ਆਗਿਆਂ ਦੇਂਦਾ ਏ ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ।" ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰੌਣ ਲੱਗਾ।

"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਏ, ਕੁਝ ਸੋਚ, ਕੁਝ ਉਪਾਅ ਕਰ।"

"ਸਾਹਿਬਾਂ ਮੈਂ ਸਭ ਕੁਝ ਸੋਚ ਕੇ ਹੀ ਆਇਆ ਹਾਂ। ਤੂੰ ਤਾਂ ਮੇਰੀ ਜ਼ਿੰਦਗੀ ਏਂ, ਤੈਨੂੰ ਲੈਣ ਹੀ ਆਇਆ ਹਾਂ। ਉਹ ਕਿਹੜਾ ਸੂਰਮਾ ਹੈ ਜਿਹੜਾ ਹੁਣ ਤੈਨੂੰ ਮੇਰੇ ਪਾਸੇ ਖੋਹ ਲਵੇਗਾ।"

ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।

"ਚੱਲ ਸਾਹਿਬਾਂ ਤੈਨੂੰ ਦਾਨਾਬਾਦ ਲੈ ਚੱਲਾਂ, ਤਿਆਰ ਏਂ ਨਾ ਮੇਰੇ ਨਾਲ਼ ਹੁਣੇ ਟੁਰਨ ਲਈ?" ਮਿਰਜ਼ਾ ਪ੍ਰਸ਼ਨ ਸੂਚਕ ਨਿਗਾਹਾਂ ਨਾਲ਼ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ।

ਇਕ ਪਲ ਸੋਚ ਕੇ ਸਾਹਿਬਾਂ ਬੋਲੀ, "ਮਿਰਜ਼ਿਆ ਇਹਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ।"

ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਚੜ੍ਹਾ ਕੇ ਦਾਨਾਬਾਦ ਨੂੰ ਨੱਸ ਟੁਰਿਆ।

ਕਾਜ਼ੀ ਹੋਰੀਂ ਨਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਿਖਾਈ ਨਾ ਦਿੱਤੀ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗ ਪਈਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ਼ ਕਰਨ ਲੱਗਾ। "ਖੌਰੇ ਕਿਸੇ ਖੂਹ ਖਾਤੇ ਵਿੱਚ ਹੀ ਡੁੱਬ ਮੋਈ ਹੋਵੇ" ਕੋਈ ਆਖਦਾ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।"

ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿੱਚ ਆ ਗਏ। ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇਕ

ਪੰਜਾਬ ਦੇ ਲੋਕ ਨਾਇਕ/40