ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਹੀ ਤਾਂ ਇਨ੍ਹਾਂ ਮਿੱਟੀ ਦਿਆਂ ਭਾਂਡਿਆਂ ਵਿੱਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਏਨੇ ਖ਼ੂਬਸੂਰਤ ਲੱਗਦੇ ਨੇ।”

ਉਨ੍ਹਾਂ ਬਹੁਤ ਸਾਰੇ ਭਾਂਡੇ ਖ਼ਰੀਦ ਲਏ, ਜੋ ਮੁੱਲ ਤੁੱਲੇ ਨੇ ਮੰਗਿਆ ਉਨ੍ਹਾਂ ਤਾਰ ਦਿੱਤਾ।

ਤੁੱਲੇ ਦੀ ਦੁਕਾਨ ਵਿੱਚੋਂ ਨਿਕਲਦਿਆਂ ਇਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਪਵਿੱਤਰ ਮੰਦਰ ਦੀ ਜ਼ਿਆਰਤ ਕਰ ਕੇ ਆ ਰਿਹਾ ਹੋਵੇ।

ਹੁਣ ਤੁੱਲੇ ਦੀ ਜਾਦੂਗਰ ਧੀ, ਸੋਹਣੀ, ਇਜ਼ਤ ਬੇਗ ਦੇ ਖ਼ਿਆਲਾਂ 'ਤੇ ਛਾ ਚੁੱਕੀ ਸੀ!

ਇਜ਼ਤ ਬੇਗ ਨੇ ਖ਼ੂਬਸੂਰਤ ਭਾਂਡੇ ਆਪਣੇ ਤੰਬੂ ਵਿੱਚ ਸਜਾ ਦਿੱਤੇ। ਜਿਸ ਭਾਂਡੇ ਵੱਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੋਹਣੀ ਉਹਨੂੰ ਨਜ਼ਰ ਆਂਦੀ! ਹਰ ਪਾਸੇ ਸੋਹਣੀ, ਜਿਧਰ ਵੀ ਤੱਕਦਾ, ਮੁਸਕਰਾਂਦੀ ਸੋਹਣੀ ਵਿਖਾਈ ਦੇਂਦੀ! ਸਾਰੀ ਰਾਤ ਉਹ ਸੋਹਣੀ ਦੇ ਖ਼ਿਆਲਾਂ 'ਚ ਖੋਇਆ ਰਿਹਾ, ਇਕ ਪਲ ਲਈ ਵੀ ਉਹਨੂੰ ਨੀਂਦ ਨਾ ਪਈ। ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ ਲਈ ਉਤਾਵਲਾ ਹੋ ਉੱਠਿਆ!

ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿੱਚ ਹੀ ਭਾਂਡਿਆਂ ਦੀ ਹੱਟੀ ਪਾ ਲਈ। ਉਹ ਭਾਂਡੇ ਖ਼ਰੀਦਣ ਦੇ ਬਹਾਨੇ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ, ਉਹ ਤਾਂ ਨੈਣਾਂ ਦਾ ਵਣਜਾਰਾ ਸੀ, ਹੁਸਨ ਦੀ ਹੱਟੀ ਤੋਂ ਸੌਦਾ ਖ਼ਰੀਦਣ ਵਾਲ਼ਾ। ਦੁਕਾਨ ਵਿੱਚ ਘਾਟੇ ਤੇ ਘਾਟਾ ਪੈਂਦਾ ਗਿਆ। ਇਕ ਵਰ੍ਹੇ ਵਿੱਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਹਦੇ ਸਿਰ ਹੋ ਗਿਆ। ਹਾਲਤ ਏਥੋਂ ਤੱਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ।

ਅਜੇ ਤੀਕਰ ਇਜ਼ਤ ਬੇਗ ਨੇ ਸੋਹਣੀ ਨਾਲ਼ ਦੋ ਪਿਆਰ ਭਰੀਆਂ ਗੱਲੜੀਆਂ ਵੀ ਨਹੀਂ ਸਨ ਕੀਤੀਆਂ, ਸੋਹਣੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੁਸਕਰਾਇਆ ਤੱਕ ਨਹੀਂ ਸੀ।

ਹਾਰ ਕੇ ਇਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ।

"ਮਾਪਿਆ ਮੈਨੂੰ ਬਚਾ ਲੈ! ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਜੀਹਦੇ ਨਾਲ਼ ਮੈਂ ਤੇਰਾ ਕਰਜ਼ ਮੋੜ ਸਕਾਂ। ਇਸ ਪ੍ਰਦੇਸ਼ ਵਿੱਚ ਮੇਰਾ ਕੋਈ ਨਹੀਂ। ਹੇ ਨੇਕ ਦਿਲ ਬੰਦੇ ਮੇਰੇ ਤੇ ਤਰਸ ਕਰ! ਮੈਨੂੰ ਆਪਣੇ ਕੋਲ ਨੌਕਰ ਰੱਖ ਲੈ! ਮੈਂ ਸਿਰਫ਼ ਦੋ ਟੁਕੜੇ ਰੋਟੀ ਦੇ ਖਾ ਕੇ ਗੁਜ਼ਰ ਕਰ ਲਵਾਂਗਾ, ਮੇਰੀ ਨੌਕਰੀ ਵਿੱਚੋਂ ਆਪਣਾ ਕਰਜ਼ਾ ਕੱਟ ਲੈਣਾ।" ਇਜ਼ਤ ਬੇਗ ਨੇ ਲੇਲ੍ਹੜੀਆਂ ਕੱਢਦਿਆਂ ਆਖਿਆ! ਉਹਦੇ ਨੈਣ ਭਰ ਆਏ।

ਤੁੱਲਾ ਸੋਚੀਂ ਪੈ ਗਿਆ। ਕੁਝ ਚਿਰ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ, "ਬੇਟਾ

ਪੰਜਾਬ ਦੇ ਲੋਕ ਨਾਇਕ/31