ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਪਰ ਸੱਸੀ ਦੀ ਜ਼ਿੰਦ ਤਾਂ ਪੁੰਨੂੰ ਦੇ ਹਵਾਲੇ ਹੋ ਚੁੱਕੀ ਸੀ:

ਮੈਂ ਵਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਸੂਟ ਸਮਾਵਾਂ ਰੇਸ਼ਮੀ
ਚੁੰਨੀਆਂ ਦੇਵਾਂ ਨੀ ਰੰਗਾ
ਜਾਂਦੇ ਪੁੰਨੂੰ ਨੂੰ ਜਾਣ ਦੇ
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨੀ ਮਚਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਬੂਰੀ ਮੱਝ ਤੈਨੂੰ ਲੈ ਦਿਆਂ
ਧੀਏ ਮੱਖਣਾਂ ਨਾਲ ਟੁਕ ਖਾ
ਜਾਂਦੇ ਪੰਨੂੰ ਨੂੰ ਜਾਣ ਦੇ,
ਕੌਲ਼ੇ ਦੀ ਗਈ ਨੀ ਬਲਾ।

ਅੱਗ ਲਾਵਾਂ ਤੇਰੀ ਮੱਖਣੀ
ਬੂਰੀ ਨੂੰ ਬਗ ਨੀ ਰਲਾ
ਜਾਨ ਤਾਂ ਮੇਰੀ ਲੈ ਗਿਆ
ਕੋਈ ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।

ਸੱਸੀ ਪੁੰਨੂੰ ਪੁੰਨੂੰ ਕੂਕਦੀ ਡਾਚੀ ਦੇ ਖੁਰੇ ਮਗਰ ਨੱਸ ਟੁਰੀ। ਸੂਰਜ ਲੋਹੜੇ ਦੀ ਅੱਗ ਵਰ੍ਹਾ ਰਿਹਾ ਸੀ। ਸੱਸੀ ਦੇ ਫੁੱਲਾਂ ਜਿਹੇ ਪੈਰ ਤਪਦੇ ਰੇਤ 'ਤੇ ਭੁੱਜਦੇ ਪਏ ਸਨ ਪਰੰਤੂ ਉਹ ਪੁੰਨੂੰ ਪੁੰਨੂੰ ਦਾ ਜਾਪ ਕਰੇਂਦੀ ਹਾਲੋਂ ਬੇਹਾਲ ਹੋਈ ਨੱਸੀ ਜਾ ਰਹੀ ਸੀ:

ਪੰਜਾਬ ਦੇ ਲੋਕ ਨਾਇਕ/26