ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/23

ਇਹ ਸਫ਼ਾ ਪ੍ਰਮਾਣਿਤ ਹੈ

ਸੈਰ ਕਰਨ ਚਲੀ ਗਈ। ਜਦੋਂ ਉਹ ਵਾਪਸ ਪਰਤ ਰਹੀਆਂ ਸਨ ਤਾਂ ਹੀਰ ਨੇ ਰਾਹ ਵਿੱਚ ਮਲ੍ਹਕ ਦੇਣੇ ਆਪਣੇ ਪੈਰ ਵਿੱਚ ਕਿੱਕਰ ਦਾ ਕੰਡਾ ਚੋਭ ਲਿਆ ਤੇ ਲੱਗੀ ਕਲਕਾਰੀਆਂ ਮਾਰਨ। ਸਹਿਤੀ ਅਤੇ ਉਹਦੀਆਂ ਸਹੇਲੀਆਂ ਨੇ ਰੌਲਾ ਪਾ ਦਿੱਤਾ ਕਿ ਹੀਰ ਨੂੰ ਤਾਂ ਸੱਪ ਲੜ ਗਿਆ ਹੈ। ਸਾਰਾ ਪਿੰਡ ਕੱਠਾ ਹੋ ਗਿਆ। ਹੀਰ ਧਰਤੀ ਤੇ ਲਿਟ ਰਹੀ ਸੀ, ਸਾਹ ਉਹਨੇ ਖਿੱਚਿਆ ਹੋਇਆ ਸੀ। ਉਹ ਪਲ ਵਿੱਚ ਹੀ ਨੀਲੀ ਪੀਲੀ ਹੋ ਗਈ। ਲੋਕੀ ਉਹਨੂੰ ਮੰਜੀ ਤੇ ਪਾ ਕੇ ਘਰ ਲੈ ਆਏ। ਕਈ ਹੱਥ ਹੌਲ਼ਾ ਕਰਨ ਵਾਲ਼ੇ ਸੱਦੇ ਗਏ ਪਰ ਹੀਰ ਤੜਪਦੀ ਰਹੀ, ਕੁਰਲਾਉਂਦੀ ਰਹੀ। ਮਾਂਦਰੀ ਹੈਰਾਨ ਸਨ ਕਿ ਇਹ ਕਿਹੋ ਜਿਹਾ ਨਾਗ ਹੈ ਜੀਹਦੇ ਤੇ ਉਨ੍ਹਾਂ ਦਾ ਮੰਤਰ ਕੋਈ ਅਸਰ ਨਹੀਂ ਕਰ ਰਿਹਾ।

"ਵੀਰਾ ਕਾਲ਼ੇ ਬਾਗ਼ ਵਾਲੇ ਜੋਗੀ ਨੂੰ ਸਦ ਵੇਖ, ਸ਼ਾਇਦ ਭਾਬੀ ਦਾ ਉਹ ਇਲਾਜ ਕਰ ਦੇਵੇ। ਉਹ ਬੜਾ ਸਿਧ ਏ, ਲੋਕੀਂ ਦੂਰੋਂ-ਦੂਰੋਂ ਉਹਦੇ ਪਾਸ ਆਉਂਦੇ ਨੇ।"

ਸਹਿਤੀ ਦੀ ਇਕ ਸਹੇਲੀ ਨੇ ਸੈਦੇ ਨੂੰ ਜੋਗੀ ਵੱਲ ਭੇਜ ਦਿੱਤਾ।

ਬਾਗ਼ ਵਿੱਚ ਜੋਗੀ ਸਮਾਧੀ ਲਾਈਂ ਬੈਠਾ ਸੀ। ਸੈਦੇ ਨੇ ਉਹਦੇ ਪੈਰ ਜਾ ਫੜੇ ਤੇ ਆਪਣੇ ਘਰ ਚੱਲਣ ਲਈ ਬੇਨਤੀ ਕੀਤੀ। ਪਰੰਤੂ ਅੱਗੋਂ ਜੋਗੀ ਸੈਦੇ ਨੂੰ ਫਹੁੜੀਆਂ ਲੈ ਕੇ ਪਿਆ। ਉਹ ਖ਼ਾਲੀ ਵਾਪਸ ਮੁੜ ਆਇਆ। ਸਹਿਤੀ ਨੇ ਆਪਣੇ ਪਿਤਾ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੂੰ ਜੋਗੀ ਵੱਲ ਦੁਬਾਰਾ ਭੇਜ ਦਿੱਤਾ। ਅੱਜੂ ਜੋਗੀ ਦੇ ਵਾਸਤੇ ਪਾਏ, ਤਰਲੇ ਕੀਤੇ। ਅੰਤ ਜੋਗੀ ਉਹਦੀ ਨੂੰਹ ਦਾ ਇਲਾਜ ਕਰਨ ਲਈ ਮੰਨ ਗਿਆ। ਉਹ ਉਹਨੂੰ ਕੁਰਲਾਂਦੀ ਹੀਰ ਪਾਸ ਲੈ ਆਏ।

ਜੋਗੀ ਨੇ ਹੀਰ ਦੀ ਮੰਜੀ ਦੁਆਲ਼ੇ ਸਤ ਚੱਕਰ ਲਾਏ। ਤੜਪਦੀ ਹੀਰ ਤੇ ਪਾਣੀ ਦੇ ਛਿੱਟੇ ਮਾਰੇ ਤੇ ਸਮਾਧੀ ਲਾ ਕੇ ਬੈਠ ਗਿਆ। ਹੀਰ ਹੂੰਗਰਾਂ ਮਾਰਦੀ ਰਹੀ, ਦਰਸ਼ਕ ਜੋਗੀ ਵੱਲ ਆਸ਼ਾਜਨਕ ਨਿਗਾਹਾਂ ਨਾਲ਼ ਵੇਖਦੇ ਰਹੇ। ਕੁਝ ਚਿਰ ਮਗਰੋਂ ਜੋਗੀ ਨੇ ਅੱਖਾਂ ਖੋਹਲੀਆਂ ਤੇ ਬੋਲਿਆ, "ਲੜਕੀ ਬਚ ਸਕਦੀ ਹੈ ਪਰੰਤੂ ਕਈ ਜਤਨ ਕਰਨੇ ਪੈਣਗੇ। ਇਹਨੂੰ ਇਕ ਅਤਿ ਜ਼ਹਿਰੀਲੇ ਸੱਪ ਨੇ ਡੱਸਿਆ ਏ। ਉਹ ਸੱਪ ਆਪ ਆ ਕੇ ਇਹਦੀ ਜ਼ਹਿਰ ਚੂਸੇਗਾ ਤਦ ਜਾ ਕੇ ਇਹਦਾ ਇਲਾਜ ਹੋ ਸਕੇਗਾ।"

"ਮਹਾਤਮਾ ਜੀ ਤੁਸੀਂ ਹੀ ਇਹਦਾ ਉਪਾਓ ਕਰੋ, ਹੁਕਮ ਕਰੋ ਅਸੀਂ ਸਭ ਕੁਝ ਕਰਨ ਨੂੰ ਤਿਆਰ ਆਂ, ਇਹਦੀ ਜਾਨ ਜ਼ਰੂਰ ਬਚਾਓ," ਅੱਜੂ ਨੇ ਦੋਨੋਂ ਹੱਥ ਜੋੜੇ।

"ਪਿੰਡੋਂ ਬਾਹਰ ਇਹਦੇ ਮੰਜੇ ਨੂੰ ਕਿਸੇ ਘਰ ਵਿੱਚ ਲੈ ਜਾਵੋ। ਇਹਦੇ ਕੋਲ ਮੈਂ ਰਹਾਂਗਾ ਅਤੇ ਇਕ ਹੋਰ ਕੁਆਰੀ ਲੜਕੀ ਰਹੇਗੀ। ਮੈਂ ਤਿੰਨ ਦਿਨ ਸਮਾਧੀ ਲਾਵਾਂਗਾ ਤਦ ਸੱਪ ਆਵੇਗਾ ਤੇ ਲੜਕੀ ਨੌ ਬਰ ਨੌ ਹੋ ਜਾਵੇਗੀ।" ਜੋਗੀ ਨੇ ਉਪਾਓ ਦੱਸ ਦਿੱਤਾ।

ਪਿੰਡੋਂ ਬਾਹਰ ਡੂਮਾਂ ਦੇ ਕੱਲੇ ਕਾਰੇ ਕੋਠੇ ਵਿੱਚ ਉਹ ਹੀਰ ਦੀ ਮੰਜੀ ਲੈ ਗਏ। ਕੋਠੇ ਵਿੱਚ ਹੀਰ, ਜੋਗੀ ਅਤੇ ਇਕ ਕੁਆਰੀ ਕੰਨਿਆਂ ਸਹਿਤੀ ਰਹਿ ਗਏ। ਉਨ੍ਹਾਂ ਬਾਹਰੋਂ

ਪੰਜਾਬ ਦੇ ਲੋਕ ਨਾਇਕ/19