ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/19

ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਰਾਂਝੇ ਨੂੰ ਜਵਾਬ ਦੇ ਦਿੱਤਾ। ਰਾਂਝਾ ਮਸੀਤੇ ਜਾ ਸੁੱਤਾ। ਪਰ ਦੂਜੀ ਭਲਕ ਮੱਝਾਂ ਗਾਂਈਆਂ ਨੇ ਬਿਨਾਂ ਰਾਂਝੇ ਤੋਂ ਇਕ ਵੀ ਕਦਮ ਅਗਾਂਹ ਪੁੱਟਣੋਂ ਇਨਕਾਰ ਕਰ ਦਿੱਤਾ। ਹਾਰ ਕੇ ਉਹ ਰਾਂਝੇ ਨੂੰ ਪੁਚਕਾਰ ਕੇ ਮੋੜ ਲਿਆਏ। ਰਾਂਝੇ ਵੰਝਲੀ ਵਿੱਚ ਫੂਕ ਮਾਰੀ, ਵਗ ਉਹਦੇ ਅੱਗੇ ਅੱਗੇ ਬੇਲੇ ਨੂੰ ਟੁਰ ਪਿਆ।

ਹੀਰ ਦਾ ਬੇਲੇ ਵਿੱਚ ਜਾਣਾ ਬੰਦ ਹੋ ਗਿਆ। ਹੁਣ ਉਹ ਚੋਰੀ ਛਿਪੇ ਮਿਲਦੇ। ਮਾਂ ਨੇ ਹੀਰ ਨੂੰ ਬਥੇਰਾ ਹੋੜਿਆ ਕਿ ਉਹ ਰਾਂਝੇ ਦਾ ਖਹਿੜਾ ਛੱਡ ਦੇਵੇ। ਪਰ ਹੀਰ ਨੇ ਉਹਦੀ ਇਕ ਨਾ ਮੰਨੀ:

ਮਾਏਂ ਨੀ ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ
ਨਾ ਲਾ ਮਲ੍ਹਮਾਂ ਨਾ ਬੰਨ੍ਹ ਪੱਟੀਆਂ
ਮਾਏਂ ਨੀ
ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ

ਲਟ ਲਟ ਚੀਰਾ ਰਾਂਝਣ ਦੇ ਸਿਰ
ਹੀਰ ਗੁੰਦਾਈਆਂ ਪੱਟੀਆਂ
ਜੇ ਮੁਖ ਮੋੜਾਂ ਰਾਂਝਣ ਕੋਲੋਂ
ਦੋਜ਼ਖ ਜਾਵਾਂ ਸੁੱਟੀਆਂ
 
ਰਾਂਝਣ ਮੇਰਾ, ਮੈਂ ਰਾਂਝਣ ਦੀ
ਕੂੜ ਮਰੇਂਦੀਆਂ ਜੱਟੀਆਂ
ਮਾਏਂ ਨੀ
ਮੈਂ ਰਾਂਝੇ ਦੇ ਨੈਣਾਂ ਨੇ ਪੱਟੀਆਂ
ਨਾ ਲਾ ਮਲ੍ਹਮਾਂ ਨਾ ਬੰਨ੍ਹ ਪੱਟੀਆਂ।

ਉਹ ਆਪਣੇ ਰਾਂਝਣ ਦੀ ਸੁਖ ਭਾਲਦੀ ਪਈ ਸੀ ਉਹਨੂੰ ਸਾਰੇ ਜਗ ਦੀ ਪਰਵਾਹ ਨਹੀਂ ਸੀ:

ਛਣਕ ਛਣਕ ਦੋ ਛੱਲੇ ਕਰਾ ਲੇ
ਛੱਲੇ ਭਨਾ ਕੇ ਵੰਗਾਂ
ਬਾਹਰ ਗਈ ਨੂੰ ਬਾਬਲ ਝਿੜਕਦਾ
ਘਰ ਆਈ ਨੂੰ ਅੰਮਾਂ
ਵਿੱਚ ਕਚਿਹਰੀ ਹੀਰ ਝਗੜਦੀ
ਮੁਨਸਫ ਕਰਦੇ ਗੱਲਾਂ
ਵਿੱਚ ਤ੍ਰਿੰਜਣਾਂ ਕੁੜੀਆਂ ਝਿੜਕਣ
ਵਿੱਚ ਗਲੀਆਂ ਦੇ ਰੰਨਾਂ
ਏਹਨੀ ਓਹਨੀ ਦੋਹੀਂ ਜਹਾਨੀਂ

ਪੰਜਾਬ ਦੇ ਲੋਕ ਨਾਇਕ/15