ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਲੜ ਕੇ ਏਧਰ ਚਾਕਰੀ ਕਰਨ ਆਇਆ ਏ।" ਮੁਟਿਆਰ ਨੇ ਚੂਚਕ ਦੀਆਂ ਪ੍ਰਸ਼ਨ ਸੂਚਕ ਨਿਗਾਹਾਂ ਦਾ ਉੱਤਰ ਬੜੀ ਸਿਆਣਪ ਨਾਲ਼ ਦੇ ਦਿੱਤਾ!

ਚੂਚਕ ਨੇ ਨੀਵੀਂ ਪਾਈ ਖੜੇ ਰਾਂਝੇ ਵੱਲ ਵੇਖਿਆ, ਉਹਦੇ ਸਾਰੇ ਸਰੀਰ ਤੇ ਫਿਰਵੀਂ ਨਜ਼ਰ ਮਾਰੀ, ਉਹਨੇ ਇਸ਼ਾਰਾ ਕਰਕੇ ਆਪਣੇ ਪਾਸ ਸੱਦ ਲਿਆ, ਉਹਦੀ ਪਿੱਠ ਤੇ ਥਾਪੀ ਦਿੱਤੀ ਅਤੇ ਆਪਣੇ ਨਾਲ਼ ਪਲੰਘ 'ਤੇ ਬਠਾ ਲਿਆ। ਆਪਣੀ ਧੀ ਨੂੰ ਸੰਬੋਧਨ ਕਰਕੇ ਉਹਨੇ ਕਿਹਾ, "ਜਾ ਹੀਰੇ ਇਹ ਨੂੰ ਕਾੜ੍ਹਨੀ ਵਿੱਚੋਂ ਦੁੱਧ ਦਾ ਛੰਨਾ ਕੱਢ ਕੇ ਪਲ਼ਾ ਸਵੇਰੇ ਦਾ ਭੁੱਖਾ ਹੋਵੇਗਾ।"

“ਹੀਰ” ਸ਼ਬਦ ਦੀ ਆਵਾਜ਼ ਰਾਂਝੇ ਦੇ ਕੰਨੀਂ ਪਈ। ਉਹਨੇ ਉਸ ਮੁਟਿਆਰ ਵੱਲ ਵੇਖਿਆ ਤੇ ਦੋਨੋ ਮੁਸਕੜੀਏਂ ਮੁਸਕਰਾ ਪਏ। ਦੋਨੋਂ ਮੁਸਕਾਨਾਂ ਇਕ ਦੂਜੇ ਨੂੰ ਕਤਲ ਕਰ ਗਈਆਂ।

ਰਾਂਝਾ ਹੀਰ ਦੇ ਘਰ ਮੱਝਾਂ ਤੇ ਚਾਕ ਰਹਿ ਪਿਆ।

ਰਾਂਝਾ ਸਾਜਰੇ ਹੀ ਵੱਗ ਨੂੰ ਬੇਲੇ ਵਿੱਚ ਲੈ ਜਾਂਦਾ। ਜਦ ਵੰਝਲੀ ਤੇ ਮਿੱਠੀਆਂ ਸੁਰਾਂ ਛੇੜਦਾ, ਸਾਰਾ ਬੇਲਾ ਨਸ਼ਿਆ ਜਾਂਦਾ। ਚਰਦੇ ਪਸ਼ੂ ਬੂਥੀਆਂ ਚੁੱਕ ਕੇ ਉਹਦੀਆਂ ਤਾਨਾਂ ਸੁਣਨ ਲਈ ਖੜ੍ਹੋ ਜਾਂਦੇ। ਹੀਰ ਬੜੀ ਰੀਝ ਨਾਲ਼ ਰਾਂਝੇ ਲਈ ਚੂਰੀ ਕੁਟਦੀ ਤੇ ਆਪ ਬੇਲੇ ਵਿੱਚ ਜਾ ਪੁੱਜਦੀ।

ਇਕ ਦਿਨ ਜਦੋਂ ਉਹ ਬੇਲੇ ਵਿੱਚ ਪੁੱਜੀ ਤਾਂ ਰਾਂਝੇ ਦੀ ਕੋਇਲ ਜਿਹੀ ਵਾਜ ਉਹਦੇ ਕੰਨੀਂ ਪਈ। ਉਹ ਉਹਦੀ ਪਿੱਠ ਪਿੱਛੇ ਮਲ੍ਹਕ ਦੇ ਕੇ ਖੜੋ ਗਈ। ਰਾਂਝਾ ਵਜਦ ਵਿੱਚ ਆ ਕੇ ਗਾ ਰਿਹਾ ਸੀ:

ਆਖੇਂ ਗਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨਢੀਏ ਸੋਹਣੇ ਨੀ ਹਵਾਲੇ
ਇੰਦਰ ਖਾੜੇ ਦੇ ਵਿੱਚ ਪਰੀਆਂ ਸਭ ਤੋਂ ਚੰਗੀਆਂ ਨੀ
ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈ਼ਲਾਇਆ ਹੀਰੇ ਤੇਰੀਆਂ ਅੱਖੀਆਂ ਨੇ
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾ ਲੇ
ਤਿੰਨ ਸੌ ਸਠ ਸਹੇਲੀ ਲੈ ਕੇ ਤੁਰਦੀ ਨਢੀਏ ਨੀ
ਸੂਬੇਦਾਰ ਜਿਊਂ ਸੋਂਹਦੀ ਸਭਦੇ ਤੂੰ ਵਿਚਾਲੇ
ਬਲਣ ਮਸ਼ਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮਕੱੜ ਵਿੱਚ ਫਸਾ ਲੈ
ਮੁਖੜਾ ਤੇਰਾ ਹੀਰੇ ਸੋਹਣਾ ਫੁਲ ਗੁਲਾਬ ਨੀ

ਪੰਜਾਬ ਦੇ ਲੋਕ ਨਾਇਕ/13