ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/123

ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਤਾਂ ਬੈਠੇ ਅਰਜਨ ਤੇ ਸੁਰਜਨ
ਯੁੱਧ ਜੋ ਕਰਦੇ
ਦੂਲੋ ਰਾਜਿਆ
ਦੇਣੀ ਨਹੀਂ ਸਿਲੀਅਰ ਨਾਰ

ਦੂਲੋ ਰਾਜਾ ਯੁਧ ਜੋ ਕਰਦਾ
ਚੌਰਿਆਂ ਵਾਲ਼ਾ ਜੋ ਕਰਦਾ
ਅਰਜਨ ਤੇ ਸੁਰਜਨ ਦਿੱਤੇ ਮਾਰ।

ਬੀਕਾਨੇਰ ਦੇ ਇਲਾਕੇ ਵਿੱਚ ਇਹ ਕਥਾ ਉਪਰੋਕਤ ਕਥਾ ਨਾਲ਼ੋ ਭਿੰਨ ਹੈ, ਜੋ ਇਸ ਤਰ੍ਹਾਂ ਹੈ:——

ਬੀਕਾਨੇਰ ਵਿੱਚ ਦਦਰੇੜਾ ਨਾਮੀ ਇਕ ਨਗਰ ਵਿੱਚ ਜ਼ਵਰ ਸਿੰਘ ਨਾਮ ਦਾ ਚੁਹਾਨ ਰਾਜਪੂਤ ਰਾਜ ਕਰਦਾ ਸੀ। ਉਸ ਦੀ ਰਾਣੀ ਦਾ ਨਾਂ ਬਾਛਲ ਸੀ, ਜੋ ਸੱਤਾਂ ਜਨਮਾਂ ਦੀ ਬਾਂਝ ਸੀ। ਇਕ ਵਾਰੀ ਗੁਰੂ ਗੋਰਖ ਨਾਥ ਕਜਲੀ ਬਣ ਤੋਂ ਚਲ ਕੇ ਦਦਰੇੜਾ ਆਏ ਤੇ ਇਕ ਸੁੱਕੇ ਬਾਗ ਵਿੱਚ ਆ ਡੇਰਾ ਕੀਤਾ। ਬਾਗ ਗੁਰੂ ਗੋਰਖ ਦੇ ਤਪ ਨਾਲ਼ ਹਰਾ ਹੋ ਗਿਆ। ਰਾਣੀ ਬਾਛਲ ਨੇ ਬਾਰ੍ਹਾਂ ਸਾਲ ਗੁਰੂ ਗੋਰਖ ਨਾਥ ਦੀ ਸੇਵਾ ਕੀਤੀ। ਜਿਸ ਤੋਂ ਪ੍ਰਸੰਨ ਹੋ ਕੇ ਗੁਰੂ ਗੋਰਖ ਨਾਥ ਨੇ ਰਾਣੀ ਨੂੰ ਗੁੱਗਲ ਦਿੱਤੀ। ਉਸ ਦੇ ਗਰਹਿ ਗੁੱਗਾ ਨਾਮ ਦਾ ਇਕ ਬਾਲਕ ਜਨਮਿਆ। ਗੁੱਗੇ ਦੀ ਮਾਸੀ ਦੇ ਦੋ ਪੁੱਤਰ ਅਰਜਨ ਤੇ ਸੁਰਜਨ ਗੁੱਗੇ ਨਾਲ਼ ਈਰਖਾ ਕਰਦੇ ਸਨ, ਤੇ ਸਮੇਂ ਦੇ ਮੁਸਲਮਾਨ ਹਾਕਮ ਫੀਰੋਜ਼ ਸ਼ਾਹ ਨਾਲ਼ ਮਿਲ ਕੇ ਉਸ ਦਾ ਰਾਜ ਖੋਹ ਲੈਣਾ ਚਾਹੁੰਦੇ ਸਨ। ਗੁੱਗੇ ਨੇ ਤੰਗ ਆ ਕੇ ਅਰਜਨ ਸੁਰਜਨ ਨਾਲ ਲੜਾਈ ਕੀਤੀ, ਜਿਸ ਵਿੱਚ ਗੁੱਗਾ ਜਿੱਤ ਗਿਆ ਤੇ ਅਰਜਨ ਸੁਰਜਨ ਦੋਵੇਂ ਮਾਰੇ ਗਏ। ਇਸ ਪਰ ਗੁੱਗੇ ਦੀ ਮਾਂ ਰਾਣੀ ਬਾਛਲ ਨੂੰ ਦੁੱਖ ਹੋਇਆ, ਕਿਉਂਕਿ ਉਹ ਉਸ ਦੀ ਭੈਣ ਦੇ ਪੁੱਤਰ ਸਨ। ਉਸ ਨੇ ਗੁੱਗੇ ਨੂੰ ਕਿਹਾ ਕਿ ਉਹ ਉਸ ਨੂੰ ਮੂੰਹ ਨਾ ਵਿਖਾਏ। ਗੁੱਗੇ ਦੇ ਇਹ ਗੱਲ ਸੀਨੇ ਵਿੱਚ ਖੁੱਭ ਗਈ ਤੇ ਉਸ ਨੇ ਧਰਤੀ ਮਾਤਾ ਪਾਸ ਲੁੱਕਣ ਲਈ ਥਾਂ ਮੰਗੀ। ਧਰਤੀ ਮਾਤਾ ਨੇ ਕਿਹਾ ਕਿ ਧਰਤੀ ਵਿੱਚ ਥਾਂ ਕੇਵਲ ਮੁਸਲਮਾਨਾਂ ਨੂੰ ਹੀ ਮਿਲਦੀ ਹੈ। ਸੋ ਗੁੱਗੇ ਨੇ ਹਾਜੀ ਰਤਨ ਪਾਸੋਂ ਕਲਮਾ ਪੜ੍ਹਿਆ ਤਾਂ ਧਰਤੀ ਨੇ ਉਸ ਨੂੰ ਆਪਣੇ ਵਿੱਚ ਸਮਾ ਲਿਆ। ਇਸ ਕੌਤਕ ਨੇ ਗੁੱਗੇ ਦੀ ਪ੍ਰਸਿੱਧੀ ਸਾਰੇ ਦੇਸ਼ ਵਿੱਚ ਕਰ ਦਿੱਤੀ। ਤਦੋਂ ਤੋਂ ਗੁੱਗੇ ਪੀਰ ਦੀ ਪੂਜਾ ਸ਼ੁਰੂ ਹੋ ਗਈ।[1]


  1. ਹਰਿਆਣੇ ਦੇ ਲੋਕ ਗੀਤ ਪੰਨਾ 114.

ਪੰਜਾਬ ਦੇ ਲੋਕ ਨਾਇਕ/119