ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/113

ਇਹ ਸਫ਼ਾ ਪ੍ਰਮਾਣਿਤ ਹੈ

ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੋ ਬੱਚਿਆਂ ਨੂੰ ਬਲਦੀਆਂ ਲਾਟਾਂ ਵਿੱਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ....। ਸਾਹਿਬ ਉਹਦੀ ਬਹਾਦਰੀ 'ਤੇ ਅਸ਼-ਅਸ਼ ਕਰ ਉਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫ਼ਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।

ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਉਹਨੇ ਰਾਈਫ਼ਲ ਤੇ ਕਾਰਤੂਸ ਆਪਣੇ ਬਿਸਤਰੇ 'ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ 'ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।

ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ:

ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖੁਸ਼ਕੀ ਸੇ ਹੋ ਗਈ ਐ ਪਿੰਡੇ 'ਤੇ ਧਫੜੀ
ਮਰ ਗਿਆ ਸੁੱਚਾ ਸਿੰਘਾ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀ ਦੁੱਖ ਵੰਡ ਵੀਰਨਾ(ਰਜਬ ਅਲੀ)

ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉਪਰੋਂ ਉਪਰੋਂ ਸੁੱਚੇ ਦੁਆਲ਼ੇ ਅਸ਼ਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ ਵਿਸ ਘੋਲ਼ ਰਿਹਾ ਸੀ। ਘੁੱਕਰ ਤੇ ਭਾਗ ਉਹਦੀਆਂ ਅੱਖੀਆਂ 'ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।

ਆਖ਼ਰ ਇਕ ਦਿਨ ਸਬੱਬ ਬਣ ਹੀ ਗਿਆ। ਪਿੰਡ ਵਿੱਚ ਗਾਉਣ ਲੱਗਿਆ ਹੋਇਆ ਸੀ। ਘੁੱਕਰ ਹੋਰੀਂ ਸ਼ਰਾਬ ਵਿੱਚ ਮਸਤ ਹੋਏ ਚਾਂਭੜਾਂ ਪਾ ਰਹੇ ਸਨ। ਸੁੱਚਾ ਅਖਾੜੇ ਵਿੱਚ ਖੇਸ ਦੀ ਬੁੱਕਲ ਮਾਰ ਰਾਈਫ਼ਲ ਲਕੋਈ ਬੈਠਾ ਸੀ। ਬੱਕਰੇ ਬਲਾਉਂਦੇ ਘੁੱਕਰ ਨੂੰ ਵੇਖਦੇ ਸਾਰ ਹੀ ਸੁੱਚੇ ਨੇ ਖੇਸੀ ਪਰੇ ਵਗਾਹ ਮਾਰੀ ਤੇ ਰਾਈਫ਼ਲ ਨਾਲ਼ ਫ਼ਾਇਰ ਕਰ ਦਿੱਤਾ। ਅਖਾੜੇ ਵਿੱਚ ਹਫ਼ੜਾ ਦਫ਼ੜੀ ਪੈ ਗਈ ਤੇ ਉਹਨੇ ਘੁੱਕਰ ਨੂੰ ਜਾ ਘੇਰਿਆ:

ਰਾਤ ਦਿਨ ਭੋਗ ਕੇ ਪਰਾਈਆਂ ਤੀਵੀਆਂ
ਸੂਰਮਾ ਸਦਾਮੇਂ ਅੱਖਾਂ ਪਾਵੇਂ ਨੀਵੀਆਂ
ਪਾਈ ਨਾ ਕਦਰ ਲਾਲ ਦੀ ਪਰਖ ਕੇ
ਲਾਲ ਸੂਹਾ ਹੋ ਗਿਆ ਸੂਰਮਾ ਹਰਖ ਕੇ
ਮੋਢੇ ਨਾਲ਼ ਲਾਵੇ ਚੁੱਕ ਕੇ ਮਸ਼ੀਨ ਨੂੰ
ਪੇਚ ਨੂੰ ਨਕਾਲ਼ ਭਰੇ ਮੈਗ਼ਜ਼ੀਨ ਨੂੰ
ਮੱਲ ਵੰਨੀ ਛੱਡੇ ਜੋੜ ਜੋੜ ਸ਼ਿਸ਼ਤਾਂ
ਦੇਰ ਨਾ ਲਗਾਵੇ ਤਾਰ ਦੇਵੇ ਕਿਸ਼ਤਾਂ
ਰਜਬ ਅਲੀ ਘੜੀ ਵਿੱਚ ਉੜਾਤੀ ਗਰਦ ਐ
ਆਖ਼ਰ ਸ਼ਰਮ ਜੀਹਦੇ ਜਾਣੋਂ ਮਰਦ ਐ

ਪੰਜਾਬ ਦੇ ਲੋਕ ਨਾਇਕ/109