ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/109

ਇਹ ਸਫ਼ਾ ਪ੍ਰਮਾਣਿਤ ਹੈ

ਜ਼ੋਰ ਲਾ ਕੇ ਆਜਿਓ ਫੜਨ ਮੈਨੂੰ,
ਨਹੀਂ ਮਰਨ ਤੋਂ ਮੁੱਖ ਭਵਾਊਂਗਾ ਮੈਂ।

ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜੀਊਣੇ ਮੌੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦਾ ਭੇਸ ਧਾਰ ਕੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਕਾਗਜ਼ ਲਾ ਦਿੱਤਾ, "ਜੀਊਣਾ ਮੌੜ ਅਦਾਲਤ ਬਾਜ਼ਾਰ 'ਚ ਫਿਰਦੈ, ਫੜ ਲਓ, ਆਥਣੇ ਸੱਤ ਵਜੇ ਉਹ ਨੈਣਾਂ ਦੇਵੀ ਨੂੰ ਜਾਣ ਖ਼ਾਤਰ ਗੱਡੀ ਚੜੂਗਾ।"

ਥਾਂ-ਥਾਂ ਪੁਲਿਸ ਟੱਕਰਾਂ ਮਾਰਦੀ ਰਹੀ ਪਰੰਤੂ ਜੀਊਣਾ ਮੌੜ ਸਾਧੂ ਦਾ ਭੇਸ ਧਾਰ ਕੇ ਨੈਣਾਂ ਦੇਵੀ ਲਈ ਗੱਡੀ 'ਤੇ ਸਵਾਰ ਹੋ ਗਿਆ। ਰੇਲ ਦੇ ਕੱਲੇ-ਕੱਲੇ ਡੱਬੇ 'ਚ ਭਾਲ਼ ਕੀਤੀ ਗਈ ਪਰੰਤੂ ਸਾਧ ਬਣਿਆਂ ਜੀਊਣਾ ਮੌੜ ਕਿਸੇ ਤੋਂ ਪਛਾਣ ਨਾ ਹੋਇਆ।

ਜੀਊਣਾ ਮੌੜ ਸਾਧ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਦਰਸ਼ਨਾਂ ਲਈ ਨੈਣਾਂ ਦੇਵੀ ਦੇ ਮੰਦਿਰ ਪੁੱਜ ਗਿਆ। ਪੁਲਿਸ ਭੇਸ ਬਦਲ ਕੇ ਮੰਦਿਰ ਦੇ ਅੰਦਰ-ਬਾਹਰ ਸਤੱਰਕ ਖੜੋਤੀ ਹੋਈ ਸੀ। ਜੀਊਣੇ ਮੌੜ ਨੇ ਸਾਧੂ ਦੇ ਭੇਸ ਵਿੱਚ ਨੈਣਾਂ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਤੇ ਸ਼ਰਧਾ ਨਾਲ਼ ਸੋਨੇ ਦਾ ਛਤਰ ਦੇਵੀ ਦੀ ਮੂਰਤੀ ਤੇ ਚੜ੍ਹਾ ਆਂਦਾ। ਜੀਊਣੇ ਮੌੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇਕ ਸਿਪਾਹੀ ਨੇ ਉਸ ਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ। ਨਿਹੱਥਾ ਹਥਿਆਰ ਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਆਖ਼ਰ ਜੀਊਣਾ ਮੌੜ ਪੁਲਿਸ ਦੇ ਕਾਬੂ ਆ ਗਿਆ। ਬੇਵੱਸ ਸ਼ੇਰ ਚੰਘਾੜਦਾ ਰਿਹਾ।

ਜੀਊਣੇ ਮੌੜ ਨੂੰ ਫ਼ਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਮੁਕੱਦਮਾ ਚੱਲਿਆ। ਵਲਾਇਤ ਦੀ ਮਲਕਾ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਹ ਸੂਰਬੀਰ ਅਣਖੀਲਾ ਯੋਧਾ ਅਣਖ ਅਤੇ ਗ਼ੈਰਤ ਲਈ ਆਪਣੀ ਜਿੰਦੜੀ ਘੋਲ ਘੁਮਾ ਗਿਆ। ਉਹ ਹੱਸਦਿਆਂ-ਹੱਸਦਿਆਂ ਫਾਂਸੀ ਦੇ ਤਖ਼ਤੇ 'ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ 'ਚ ਪਰੋਇਆ ਹੈ ਤੇ ਪੰਜਾਬ ਦਾ ਲੋਕ ਮਾਣਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰਮ-ਬਾਰ ਪ੍ਰਣਾਮ ਕਰਦਾ ਹੈ......

ਪੰਜਾਬ ਦੇ ਲੋਕ ਨਾਇਕ/105