ਪੰਨਾ:ਪੰਜਾਬ ਦੀਆਂ ਵਾਰਾਂ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਹਿੱਤ ਭਰੀ ਵਾਰ

(ਨਲੂਏ ਦੀ ਵਾਰ)

੧.

ਬੀਰਬਰ ਕਸ਼ਮੀਰ ਚੋਂ ਪੰਜਾਬੇ ਧਾਇਆ,
ਦਿਆ-ਪੁੰਜ ਰਣਜੀਤ ਦੇ ਦਰਬਾਰ ਚਿ ਆਇਆ।
ਪਹਿਲਾਂ ਪੈਰੀਂ ਪੈ ਗਿਆ ਪਿੱਛੋਂ ਵਿਲਲਾਇਆ:-
"ਪੰਡਿਤ ਹਾਂ ਕਸ਼ਮੀਰ ਦਾ ਦੁੱਖਾਂ ਨੇ ਫਾਹਿਆ।
ਮਰਗਾਂ ਨੂੰ ਤਾਂ ਹਾਕਮਾਂ ਸ਼ਮਸ਼ਾਨ ਬਣਾਇਆ।
ਹਰਸਰ ਉੱਤੇ ਪਾਪੀਆਂ ਰਤ ਦਾ ਸਰ ਲਾਇਆ।
ਵੱਟ ਕਚੀਚੀ ਜ਼ੁਲਮ ਦਾ ਹੈ ਨਾਗ ਲੜਾਇਆ।
ਬਲ ਦੱਸਣ ਪਏ ਕਾਮ ਦਾ ਆਚਰਣ ਲੁਟਾਇਆ।
ਕੁਦਰਤ ਕੋਲੋਂ ਵਖਰਾ ਕਸ਼ਮੀਰ ਵਸਾਇਆ।
ਹਿੰਦੂ ਨੂੰ ਲੁੱਟ ਖਾ ਰਹੇ ਮੋਮਨ ਨੂੰ ਤਾਇਆ।
ਕਰਨ ਵਗਾਰੀ ਓਸ ਨੂੰ ਜੋ ਅੱਗੇ ਆਇਆ।
ਪੰਚਨਦ ਨੇ ਮਾਲਕਾ ਨਿੱਤ ਦੁੱਖ ਵੰਡਾਇਆ।
ਨੌਵੇਂ ਸ੍ਰੀ ਗੁਰਦੇਵ ਨੇ ਸੀ ਸੀਸ ਕਟਾਇਆ,
ਹੁਣ ਤੂੰ ਬਹੁੜੀ ਕਰ ਪਿਤਾ ਮੂੰਹ ਘਾ ਹੈ ਪਾਇਆ।
ਵਾਂਗ ਯੁਧਿਸ਼ਟਰ ਜਾਪਦਾ ਹੈ ਤੇਰਾ ਸਾਇਆ।
ਹਰ ਕਸ਼ਮੀਰੀ ਰੱਬ ਦੇ ਅੱਗੇ ਕੁਰਲਾਇਆ:-
'ਏਥੇ ਕਿਉਂ ਨਹੀਂ ਮਾਲਕਾ ਸਿਖ ਰਾਜ ਪੁਚਾਇਆ। "

੪੯