ਪੰਨਾ:ਪੰਜਾਬ ਦੀਆਂ ਵਾਰਾਂ.pdf/46

ਇਹ ਸਫ਼ਾ ਪ੍ਰਮਾਣਿਤ ਹੈ

੪.


ਪੁੱਛਿਆ ਮੇਰੇ ਸਤਗੁਰੂ "ਕਿਉਂ ਵੇਸ ਵਟਾਇਆ?"
ਦੱਸਿਆ "ਹਰਨੋਟਿਆ ਵੈਰਾਗ ਦਵਾਇਆ।"
ਪੁੱਛਿਆ ਮਾਧੋ ਦਾਸ ਨੇ "ਕਿਉਂ ਫੇਰਾ ਪਾਇਆ,
ਜਾਪੇ ਕੁਝ ਹੋ ਭਾਲਦੇ ਕੀ ਹੈ ਜੇ ਗਵਾਇਆ?"
ਦੱਸਿਆ "ਪਿਆਰਾ" ਦੇਸ ਹੈ ਦੁੱਖਾਂ ਮੂੰਹ ਆਇਆ।
ਜ਼ਾਲਮ ਨੇ ਪੰਜਾਬ ਨੂੰ ਹੈ ਬਹੁਤ ਰੁਲਾਇਆ।
ਹਿੰਦੂ ਮੁਸਲਿਮ ਵੀਰ ਦੇ ਵਿਚ ਵੈਰ ਪਵਾਇਆ।
ਦੋਹਾਂ ਨੂੰ ਇਕ ਰਾਹ ਤੋਂ ਹੈ ਖੂਬ ਭੁਲਾਇਆ।
ਮੈਂ ਓਹਨਾਂ ਦੀ ਚਾਲ ਵਿਰੁੱਧ ਸੀ ਕਦਮ ਉਠਾਇਆ,
ਤੇ ਬਾਪੂ ਗੁਰਦੇਵ ਨੂੰ ਦਿੱਲੀ ਪੁਚਵਾਇਆ।
ਠੀਕਰ ਫੋੜ ਦਲੀਸ ਸਿਰ ਗੁਰ ਸਵਰਗ ਸਧਾਇਆ।
ਵਾਰੇ ਕਿੰਨੇ ਸਿੱਖ ਮੈਂ ਪਰਵਾਰ ਘੁਮਾਇਆ।"
ਸਾਧੂ ਰੋਇਆ ਅਕਲ ਤੇ ਕਿਉਂ ਵਕਤ ਗਵਾਇਆ?
ਕਿਸ ਲਈ ਆਪਣੀ ਕੌਮ ਤੋਂ ਮੂੰਹ ਮੋੜ ਦਖਾਇਆ?
ਹਰਨੀ ਨੂੰ ਕੀ ਮਾਰਿਆ ਅੱਗਾ ਮਰਵਾਇਆ।
ਤੜਫੇ ਕੀ ਹਰਨੋਟੜੇ ਅਜ ਦਿਲ ਤੜਫਾਇਆ।
ਕਾਹਨੂੰ ਹੱਥੋਂ ਸਮਝ ਨੇ ਸੀ ਤੀਰ ਛੁਡਾਇਆ।
ਪਛਤਾਵੇ ਨੇ ਵਿੰਨਿਆ ਡਾਢਾ ਵਿਲਲਾਇਆ।
"ਬੰਦਾ" ਹਾਂ ਮੈਂ ਆਪ ਦਾ ਸਿਰ ਚਰਣੀਂ ਪਾਇਆ।
ਕਲਗੀਧਰ ਨੇ ਓਸ ਨੂੰ ਸੀ ਸੀਨੇ ਲਾਇਆ।
ਓਹ ਭਲਾ ਕੀ ਭੁੱਲਿਆ ਜੋ ਸ਼ਾਮੀਂ ਆਇਆ।
ਲੋਕਾਂ ਲਈ ਜੋ ਜਾਗਿਆ ਉਸ ਜੀਵਣ ਪਾਇਆ।

੩੨