ਪੰਨਾ:ਪੰਜਾਬ ਦੀਆਂ ਵਾਰਾਂ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਰਹਿਮ ਨਿਆਂ ਦੀਆਂ ਨ ਬਣਾ ਗੋਰਾਂ ਤੇ ਮੜ੍ਹੀਆਂ।
ਕਿਸ ਲਈ ਕੱਟੜਤਾ ਦੀਆਂ ਤਸਬੀਹਾਂ ਪੜ੍ਹੀਆਂ?
ਨੀਵੇਂ ਉੱਚੇ ਹੋਣ ਦੇ ਆਵਣ ਦੇ ਘੜੀਆਂ।
ਰਈਅਤ ਦੁੱਖ ਵਿਚ ਪਾਂਦਿਆਂ ਕਿਸ ਕੌਮਾਂ ਘੜੀਆਂ?
ਕਰਦੇ ਸਾਂਝੇ ਰਾਜ ਦੀਆਂ ਨੀਹਾਂ ਖੜੀਆਂ।
ਉਸਰਨ ਦੇ ਤੂੰ ਹਰ ਜਗਾ ਇਨਸਾਫੀ ਗੜੀਆਂ।
ਕੜਕਣ ਦੇ ਹਰ ਛੱਤ ਤੋਂ ਅਨਿਆਈ ਕੜੀਆਂ।
ਜ਼ੋਰਾਂ ਨਾਲ ਨਹੀਂ ਰਹਿਣੀਆਂ ਹਨ ਖੁਲ੍ਹਾਂ ਕੜੀਆਂ।
ਅਕਬਰ ਜਿੰਨੀਆਂ ਵੀ ਨ ਲਾ ਸਿਆਸਤ ਨੂੰ ਕੜੀਆਂ।
ਖਿੱਚੇ ਤੇਰੀ ਸਾਦਗੀ ਪਰ ਮੋਹਨ ਨ ਅੜੀਆਂ।

ਔਰੰਗ ਮੂੰਹ ਵਿਚ ਪਾਈਆਂ ਉਂਗਲਾਂ ਪੜ੍ਹਦਿਆਂ,
ਆਸਾਂ ਨਹੀਂ ਲਫਾਈਆਂ ਹਾਲੀ ਵੀ ਗੁਰੁ।
ਪਾਈਆਂ ਨਹੀਂ ਦੁਹਾਈਆਂ ਵਾਂਗਣ ਰਾਜਿਆਂ।
ਅੱਖਾਂ ਉਪਰ ਲਾਈਆਂ ਅਲਾਹ ਵਲ ਸਦਾ।
ਦਿਲ ਦੀਆਂ ਕਰਾਂ ਸਫਾਈਆਂ ਇਹਦੇ ਨਾਲ ਜੇ,
ਖਬਰੇ ਫ਼ੇਰ ਬਣਾਈਆਂ ਜਾਵਣ ਬਾਜ਼ੀਆਂ।
ਦੱਖਣੋਂ ਖਬਰਾਂ ਆਈਆਂ ਔਰੰਗਜ਼ੇਬ ਨੂੰ।

ਰਣ ਚੰਡੀ ਭੜਕਾਈਆਂ ਲਾਟਾਂ ਓਸ ਥਾਂ।
ਓਧਰ ਹੋਈਆਂ ਧਾਈਆਂ ਰੋਗਾਂ ਨੱਪਿਆ।
ਸ਼ਾਹ ਦੇ ਅੱਗੇ ਆਈਆਂ ਸੱਭੇ ਕੀਤੀਆਂ,
ਡਰਿਆ, ਖੋਲ੍ਹ ਵਿਖਾਈਆਂ ਨ ਅੱਖਾਂ ਕਦੀ।
ਪੁਤਰਾਂ ਨੇ ਤਦ ਪਾਈਆਂ ਭੰਡੀਆਂ ਰਾਜ ਤੋਂ।

੨੮