ਪੰਨਾ:ਪੰਜਾਬ ਦੀਆਂ ਵਾਰਾਂ.pdf/37

ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਤਾਂ ਪਿਛਲੇ ਜਨਮ ਦਾ ਹੈ ਵੈਰ ਕਮਾਇਆ।
ਸਿੱਖ ਨ ਤੇਰੇ ਹਾਂ ਅਸੀਂ ਕੰਨੀ ਹੱਥ ਲਾਇਆ!

ਸੂਰਜ ਕਿਰਨਾਂ ਸਾਂਭੀਆਂ ਪਈਆਂ ਤਰਕਾਲਾਂ।
ਹੋਣੀ ਦਾ ਮੂੰਹ ਦੱਸਿਆ ਸ਼ਾਮਾਂ ਦਿਆਂ ਵਾਲਾਂ।
ਸਤਲੁਜ ਸੋਹਣਾ ਭੁੱਲਿਆ ਓਹ ਘੁਮਰਾਂ ਚਾਲਾਂ।
ਪਿਪਲਾਂ ਤੇ ਨ ਲਾਈਆਂ ਪੌਣਾਂ ਨੇ ਛਾਲਾਂ।
ਖਾਲੀ ਖਾਲੀ ਜਾਪੀਆਂ ਫਲ ਲੱਦੀਆਂ ਡਾਲਾਂ।
ਫਾਹ ਲੀਤਾ ਸਭ ਪੰਛੀਆਂ ਨੂੰ ਹਿਰਖ ਜੰਜਾਲਾਂ।
ਆਨੰਦਪੁਰੀ ਤੇ ਚੱਲੀਆਂ ਦੁਸ਼ਮਨ ਦੀਆਂ ਚਾਲਾਂ।

ਉੱਲੂ ਗਿੱਦੜ ਬੋਲ ਪਏ ਸਨ ਉੱਚੀ ਸਾਰੀ।
ਆਨੰਦ ਪੁਰੀਏ ਰੋ ਪਏ ਪਰ ਢਾਹ ਨ ਮਾਰੀ।
ਚੁਪ ਚਪੀਤੇ ਤੁਰ ਪਈ ਗੁਰ ਦੀ ਅਸਵਾਰੀ।
ਠਿੱਲ੍ਹੀ ਪਾਪੀ ਰੋੜ ਵਿਚ ਪੁੰਨ-ਬੇੜੀ ਨਿਆਰੀ।
ਛੱਡ ਦਿੱਤੀ ਦਸ਼ਮੇਸ਼ ਨੇ ਗੁਰ ਤੇਗ ਕਟਾਰੀ।
ਸੁੰਜੀ ਹੋਈ ਪੰਜਾਬ ਦੀ ਤਦ ਇਲਮ ਅਟਾਰੀ।
ਜਿਤਦੀ ਸੀ ਜੋ ਸ਼ਾਹੀਆਂ ਅਜ ਆਪੇ ਹਾਰੀ।
ਪੁਰੀ ਆਨੰਦ ਨੇ ਖੋਲ੍ਹ ਕੇ ਰੱਖੀ ਹਰ ਬਾਰੀ,
ਕਲਗੀਧਰ ਦਿੱਸਦਾ ਰਹੇ ਮੈਂ ਸਦਕੇ ਵਾਰੀ।
ਕਹਿੰਦੀ ਸੀ "ਅਜ ਵਿੰਨ੍ਹ ਗਈ ਹੈ ਹੋਣੀ ਡਾਰੀ।
ਤਾਂ ਵੀ ਮਰਦੋਂ ਵਧ ਰਹਾਂ ਭਾਵੇਂ ਹਾਂ ਨਾਰੀ।
ਮੈਂ ਸਿਰ ਉੱਤੇ ਰੱਖਿਆ ਇਕ ਸਿਰ ਉਪਕਾਰੀ।

੨੩