ਪੰਨਾ:ਪੰਜਾਬ ਦੀਆਂ ਵਾਰਾਂ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਆਖਰ ਬੱਗੇ ਹਾਕਮਾਂ ਦੇ ਹੱਥ ਵਿਚ ਆਇਆ,
ਵੱਸੇ ਮੁਗਲਾਂ ਵਾਂਗ ਨ, ਨਹੀਂ ਸਿਰ ਤੇ ਚਾਇਆ।
ਇਹਨਾਂ ਮੇਰੀ ਧੌਣ ਤੇ ਨਹੀਂ ਛੁਰੀ ਚਲਾਈ,
ਪਰ ਪਤਾ ਨਹੀਂ ਲਗ ਰਿਹਾ ਰਤ ਕਿਧਰ ਧਾਈ?
ਮੁੰਹ ਸਕਿਆ ਤੇ ਨਿਕਲੀਆਂ ਨੇ ਦੋਵੇਂ ਹੜਬਾਂ,
ਕੱਪੜੇ ਤਨ ਤੇ ਦਿਸ ਰਹੇ ਪਰ ਲਹੀਆਂ ਲੜਫਾਂ।
ਫਿੱਕੇ ਫਿੱਕੇ ਪੈ ਰਹੇ ਨੇ ਮੇਰੇ ਮੇਲੇ,
ਹਰ ਪਲ ਉੱਡੀ ਜਾ ਰਹੇ ਨੇਂ ਜੰਗਲ ਬੇਲੇ।
ਸੱਕਦੇ ਜਾਂਦੇ ਵਹਿਣ ਨੇੇਂ ਪਾਣੀ ਮੁਲ ਮਿਲਦਾ,
ਮੱਛੀਆਂ ਖਾਨੀਂ ਪਾਈਆਂ ਦੁੱਖ ਦੱਸਣ ਦਿਲ ਦਾ।
ਨੰਬਰ ਲੱਗੇ ਟਾਹਲੀਆਂ ਨੂੰ ਤਕ ਲੈ ਜਾ ਕੇ,
ਜਿਉਂ ਛਾਵਾਂ ਤੇ ਲਗਣਾ ਹੈ ਟੈਕਸਾਂ ਆ ਕੇ।

ਪੁਤਰ ਮੇਰੇ ਅਪਣੇ ਨਹੀਂ ਮੇਰੀ ਮੰਨਦੇ,
ਹਾਏ! ਬਦੇਸ਼ੀ ਫੈਸ਼ਨਾਂ ਦੇ ਤਾਣੇ ਤਣਦੇ।
ਆਪੇ ਸਿਰ ਮਨਵਾਉਣ ਦੇ ਫੜ ਲਏ ਨੇ ਚਾਲੇ।
ਖੁਲ੍ਹੇ ਕੁੜਤੇ ਲਹਿ ਗਏ ਉਹ ਕਲੀਆਂ ਵਾਲੇ।
ਗਊ ਕਿਧਰੇ ਨਹੀਂ ਦਿਸ ਰਹੀ ਘਰ ਘਰ ਹਨ ਕੁੱਤੇ,
ਨਿਘਰੇ ਪਰ ਹਨ ਸਮਝਦੇ "ਹਾਂ ਅਰਸ਼ਾਂ ਉਤੇ"।
ਉਡ ਪੁਡ ਗਈਆਂ ਸੌਂਚੀਆਂ ਰੁਲ ਗਏ ਅਖਾੜੇ,
ਪੈ ਗਏ ਮੇਰੀ ਸਿਹਤ ਨੂੰ ਚੌਤਰਫੋਂ ਧਾੜੇ।
ਗਤਕੇ ਨੇਜ਼ਾ ਬਾਜ਼ੀਆਂ ਛਡ ਬੈਠੇ ਸਾਰੇ,
ਚਿੜੀਆਂ ਛਿੱਕੇ ਫੜ ਲਏ ਮੇਮਾਂ ਦੇ ਕਾਰੇ।

-੭-