(੨੪)
ਮੈਂ ਤੁਹਾਨੂੰ ਇਸ ਦੇ ਲਿਖਣ ਦਾ ਮਨਸ਼ਾ ਦਸ ਹੀ ਚੁਕਾ ਹਾਂ, ਤੇ ਹੁਣ ਮੈਨੂੰ ਇਹ ਆਸ ਕਰਨੀ ਚਾਹੀਦੀ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਕੀਤੇ ਕੰਮਾਂ ਤੇ ਚਲੋਗੇ, ਜਿਨ੍ਹਾਂ ਨੇ ਕਿ ਆਪਣੀ ਕੌਮ ਤੇ ਦੇਸ਼ ਦੀ ਸੇਵਾ ਕਰ ਕੇ ਆਪਣਾ ਨਾਂ ਬਣਾਇਆ ਹੈ ਤੇ ਤੁਸੀਂ ਉਨ੍ਹਾਂ ਦੀਆਂ ਪਾਈਆਂ ਲੀਹਾਂ ਤੇ ਚਲੋਗੇ, ਜਿਨ੍ਹਾਂ ਨੇ ਕੌਮ ਨੂੰ ਉਚਿਆਉਣ ਲਈ ਸਭਯ ਰਸਤੇ ਨੂੰ ਅਪਣਾਇਆ। ਇਸ ਤੋਂ ਉਪਰ, ਮੈਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਕਿ ਤੁਸੀਂ ਆਪਣੇ ਸ਼ਹਿਨਸ਼ਾਹ ਵਲ ਆਪਣੇ ਫਰਜ਼ਾਂ ਨੂੰ ਪੂਰਿਆਂ ਕਰੋਗੇ। ਉਹਨਾਂ ਹੁਕਮਰਾਨਾਂ ਦੀ ਇਜ਼ਤ ਕਰੋ, ਜਿਹੜੇ ਕਿ ਤੁਹਾਡੇ ਮੁਲਕ ਦੀ ਭਲਿਆਈ ਚਾਹੁਣ ਵਾਲੇ ਹਨ ਤੇ ਉਹਨਾਂ ਨੂੰ ਮੌਕਾ ਦਿਓਗੇ ਕਿ ਉਹ ਤੁਹਾਡੇ ਚੜ੍ਹਾਏ ਅਹਿਸਾਨਾਂ ਨੂੰ ਸਮਝ ਸਕਣ। ਕਿਉਂਕਿ ਉਨ੍ਹਾਂ ਦੇ ਲਾਭ ਵਿਚ ਹੀ ਤੁਹਾਡੀ ਭਲਿਆਈ ਲੁਕੀ ਹੋਈ ਹੈ। ਚੰਗਿਆਈਆਂ ਰਾਹੀਂ ਉਹਨਾਂ ਦੇ ਇਤਬਾਰ ਨੂੰ ਹਾਸਲ ਕਰੋ। ਕਿਸੇ ਦਬਾ ਜਾਂ ਹੋਰ ਕਾਰਨ ਕਰਕੇ ਆਪਣੇ ਹੁਕਮਰਾਨਾਂ ਨਾਲ ਦੁਸ਼ਮਣੀ ਹੁੰਦਿਆਂ ਇਹ ਨਾ ਸਮਝੋ ਕਿ ਉਹ ਕਿਸੇ ਤਰ੍ਹਾਂ ਦਾ ਰਬੀ ਕਰੋਧ ਤੇ ਗੁਸਾ ਲਿਆ ਤੁਹਾਡੇ ਤੇ ਉਲਟਾਉਣਗੇ। ਇਹ ਯਾਦ ਰਖੋ ਕਿ ਤੁਸੀਂ ਅਜੇ ਤਰੱਕੀ ਦੇ ਰਸਤੇ ਦਾ ਕ, ਖ, ਹੀ ਸਿਖ ਰਹੇ ਹੋ, ਅਜੇ ਤੁਸਾਂ ਉਸ ਸ਼ਾਨਦਾਰ ਵਿਦਿਅਕ ਕੇਂਦਰ ਵਲ ਹੁਣੇ ਹੁਣੇ ਪਹਿਲਾ ਕਦਮ ਪੁੱਟਿਆ ਹੀ ਹੈ। ਤੁਸੀਂ ਅਜੇ ਪੌੜੀ ਦੇ ਉਸ ਪਹਿਲੇ ਡੰਡੇ ਤੇ ਹੀ ਕਦਮ ਰਖਿਆ ਹੈ ਜਿਹੜੀ ਕਿ ਮਨੁਖੀ ਖੁਸ਼ੀਆਂ ਦੇ ਸ਼ਾਨਦਾਰ ਮਹਲ ਤਕ ਜਾਦੀ ਹੈ ਤੇ ਅਜੇਹੇ ਹੀ ਕਈ ਹੋਰ ਚਮਕੀਲੇ ਸੁਪਨੇ ਤੁਹਾਡੇ ਵਿਚੋਂ ਕਈਆਂ ਦੇ ਦਿਮਾਗਾਂ ਵਿਚ ਲਹਿਰਾ ਰਹੇ ਹੋਣਗੇ। ਤੁਸੀਂ ਪੂਰਬ ਦੇ ਜੇਤੂਆਂ ਨਾਲ ਦੋਸਤੀ ਤੇ ਬਰਾਬਰਤਾ ਚਾਹੁੰਦੇ ਹੋ, ਭਾਵੇਂ ਤੁਸੀਂ ਇਹ ਕਿੰਨੇ ਵੀ ਨਰਮ ਤੇ ਹਲੀਮੀ ਭਰੇ ਢੰਗ ਨਾਲ ਦਸੋ, ਭਾਵੇਂ ਤੁਸੀਂ ਉਹਨਾਂ ਨੂੰ ਕਿਸੇ ਵੀ ਢੰਗ ਵਿਚ ਪੇਸ਼ ਕਰੋ ਪਰ ਅਖੀਰ ਤੇ ਇਹ ਤੁਹਾਡੀ ਹੀ ਦੁਰਗਤੀ ਤੋ ਤਕਲੀਫ ਦਾ ਕਾਰਨ ਬਣ ਕੇ ਉਲਟਾ ਤੁਹਾਡੇ ਤੇ ਹੀ ਇਹ ਪੈ ਜਾਏਗੀ। ਇਸ ਲਈ ਤੁਸੀਂ ਆਪਣੇ ਮਾਲਕਾਂ ਦੀ ਇਜ਼ਤ ਤੇ ਮਾਨ ਤਨੋਂ ਮਨੋਂ ਹੋ ਕੇ ਕਰਨੀ ਸਿਖੋ, ਤੇ ਉਹਨਾਂ ਦੇ ਇਸ ਕੰਮ ਨੂੰ ਤਕੋ ਕਿ ਉਹ ਕਿਵੇਂ ਤੁਹਾਡੇ ਰਖਿਅਕ ਬਣ ਕੇ ਤੁਹਾਡੇ ਮਾਲਕ ਵੀ ਬਣ ਗਏ ਹਨ। ਉਹਨਾਂ ਦੀ ਦਿਲੋਂ ਹੋ ਕੇ ਸੇਵਾ ਕਰੋ ਤੇ ਇਸ ਤਰ੍ਹਾਂ ਕਰਨ ਨਾਲ ਇਹ ਨਾ ਭੁਲੋ ਕਿ ਸ਼ੀਰਾਜ਼ ਕਵੀ ਨੇ ਕੀ ਕਿਹਾ ਹੈ:―
تو بندگی چو گدایان بشرط مزد مکن
که خواجه خود روش بنده پروری داخد
[1] ਇਸ ਦਾ ਭਾਵ ਇਹ ਹੈ—ਇਕ ਮੰਗਤੇ ਵਾਂਗ ਕਿਸੇ ਦੀ ਸੇਵਾ ਨਾ ਕਰੋ, ਜੇ ਕਰ ਤੁਸੀਂ ਉਸ ਪਾਸੋਂ ਇਸ ਸੇਵਾ ਦੇ ਬਦਲੇ ਵਿਚ ਕੁਝ ਲੈਣ ਦਾ ਖਿਆਲ ਰਖਦੇ ਹੋ। ਕਿਉਂਕਿ ਤੁਹਾਡਾ ਮਾਲਕ ਹੀ ਤੁਹਾਡੇ ਨਾਲੋਂ ਚੰਗਾ ਜਾਣਦਾ ਹੈ ਕਿ ਨੌਕਰ ਨੂੰ ਯੋਗ ਇਨਾਮ ਕੀ ਦਿਤਾ ਜਾ ਸਕਦਾ ਹੈ।"
- ↑ ਇੱਕ ਹੋਰ ਪਾਠ ਇਹ ਹੈ ਜੋ ਪੂਰੀ ਗ਼ਜ਼ਲ ਵਿੱਚ ਮਿਲ਼ਦਾ ਹੈ।
تو بندگی چو گدایان به شرطِ مزد مکن
که دوست خود روشِ بندهپروری داند