ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਸ ਲੀਲ੍ਹਾ

ਪੁਰਾਤਨ ਸਮੇਂ ਤੋਂ ਹੀ ਲੋਕ ਨਾਟ ਪੰਜਾਬੀ ਜਨ ਸਾਧਾਰਨ ਲਈ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਹੇ ਹਨ। ਰਾਸ ਲੀਲ੍ਹਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਟ ਹੈ ਜਿਸ ਦੁਆਰਾ ਪੰਜਾਬੀ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਹੀ ਤ੍ਰਿਪਤ ਨਹੀਂ ਸਨ ਕਰਦੇ ਸਗੋਂ ਇਹ ਉਹਨਾਂ ਦੀਆਂ ਸੁਹਜ-ਆਤਮਕ ਰੁਚੀਆਂ ਨੂੰ ਵੀ ਸੰਤੁਸ਼ਟੀ ਪ੍ਰਦਾਨ ਕਰਦੇ ਸਨ।

ਪੰਜਾਬ ਦੇ ਪਿੰਡਾਂ ਵਿੱਚ ਗਿੱਧਾ ਪਾਉਂਦੀਆਂ ਹੋਈਆਂ ਕੁੜੀਆਂ ਆਪਣੀ ਪਤਨੀ ਤੋਂ ਚੋਰੀ ਰਾਸ ਦੇਖਣ ਗਏ ਗੱਭਰੂ ਦਾ ਸਾਂਗ ਖੇਲਦੀਆਂ ਹਨ। ਇਕ ਮੁਟਿਆਰ ਆਪਣੇ ਸਿਰ ਤੇ ਚੁੰਨੀ ਦਾ ਮੜ੍ਹਾਸਾ ਮਾਰ ਕੇ ਮੁੰਡੇ ਦਾ ਰੂਪ ਧਾਰ ਲੈਂਦੀ ਹੈ ਅਤੇ ਦੂਜੀ ਵਹੁਟੀ ਬਣ ਜਾਂਦੀ ਹੈ। ਇਸ ਤਮਾਸ਼ੇ ਵਿੱਚ ਸਾਰੀਆਂ ਮੁਟਿਆਰਾਂ ਸ਼ਾਮਲ ਹੁੰਦੀਆਂ ਹਨ।

ਸਾਰੀਆਂ: ਮੁੰਡਾ ਰਾਸ ਦੇਖਣ ਗਿਆ ਨਾ ਗਿਆ ਦੱਸ ਕੇ।
ਵਹੁਟੀ: ਮੈਂ ਵੀ ਕੁੰਡਾ ਨਾ ਖੋਲ੍ਹਿਆ ਆ ਗਿਆ ਕੰਧ ਟੱਪ ਕੇ।
ਮੁੰਡਾ: ਗੋਰੀਏ ਮੈਂ ਕਦੇ ਨਾ ਜਾਂਦਾ ਲੈ ਗਏ ਮੁੰਡੇ ਸੱਦ ਕੇ, ਗੋਰੀਏ ਮੈਂ ਤੇਰਾ ਗੁਲਾਮ ਕੁੰਡਾ ਖੋਲ੍ਹ ਹੱਸ ਕੇ।
ਵਹੁਟੀ: ਮੈਂ ਵੀ ਰੋਟੀ ਨਾ ਦਿੱਤੀ ਪੈ ਗਿਆ ਛੋਲੇ ਚੱਬ ਕੇ।
ਮੁੰਡਾ: ਗੋਰੀਏ ਮੈਂ ਤੇਰਾ ਗੁਲਾਮ ਰੋਟੀ ਦੇ ਦੇ ਹੱਸ ਕੇ।
ਵਹੁਟੀ: ਮੈਂ ਵੀ ਮੰਜਾ ਨਾ ਡਾਹਿਆ ਪੈ ਗਿਆ ਦੋਲਾ ਨੱਪ ਕੇ।
ਸਾਰੀਆਂ: ਮੁੰਡਾ ਰਾਸ ਦੇਖਣ ਗਿਆ ਨਾ ਗਿਆ ਦੱਸ ਕੇ।

ਰਾਸ ਲੀਲ੍ਹਾ ਦਾ ਮੁੱਢ ਭਗਤੀ ਲਹਿਰ ਸਮੇਂ ਤੋਂ ਬਝਦਾ ਹੈ ਜਦੋਂ ਵੈਸ਼ਨਵ ਮੱਤ ਦੇ ਸ਼ਰਧਾਲੂ ਬ੍ਰਿਜ ਦੇ ਮੰਦਿਰਾਂ ਵਿੱਚ ਕ੍ਰਿਸ਼ਨ ਮਹਾਰਾਜ ਦੀਆਂ ਮੂਰਤੀਆਂ ਦੁਆਲੇ ਸ਼ਰਧਾ ਭਾਵਨਾ ਨਾਲ਼ ਨੱਚਿਆ ਕਰਦੇ ਸਨ। ਉਹ ਭਗਤੀ ਭਾਵਨਾ ਦੇ ਭਜਨਾਂ ਦੇ ਨਾਲ ਕ੍ਰਿਸ਼ਨ ਦੀ ਬਾਲ ਲੀਲ੍ਹਾ ਅਤੇ ਗੋਪੀਆਂ ਨਾਲ਼ ਰਚਾਏ ਪ੍ਰੇਮ ਪ੍ਰਸੰਗਾਂ ਨੂੰ ਸਵਾਂਗਾਂ ਰਾਹੀਂ ਵੀ ਪੇਸ਼ ਕਰਿਆ ਕਰਦੇ ਸਨ। ਪੰਦਰ੍ਹਵੀਂ-ਸੋਲਵੀਂ ਸਦੀ ਵਿੱਚ ਲੋਕ ਕਲਾਕਾਰਾਂ ਨੇ ਜਨਸਧਾਰਨ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕ੍ਰਿਸ਼ਨ ਜੀ ਦੀ ਜੀਵਨ ਲੀਲ੍ਹਾ ਨੂੰ ਮੰਦਰਾਂ ਵਿੱਚੋਂ ਕੱਢ ਕੇ ਕਸਬਿਆਂ ਅਤੇ ਪਿੰਡਾਂ ਵਿੱਚ ਲੋਕ ਨਾਟਕਾਂ ਰਾਹੀਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਤੇ ਆਮ ਲੋਕਾਂ ਨੇ ਇਹਨਾਂ ਨੂੰ ਅਪਣਾ ਲਿਆ ਤੇ ਰਾਸ ਲੀਲ੍ਹਾ ਦੇ ਨਾਂ ਨਾਲ ਇਹ ਲੋਕ ਨਾਟ ਪਰੰਪਰਾ ਚਾਲੂ ਹੋ ਗਈ। ਰਾਸਾਂ ਪਾਉਣ ਵਾਲਿਆਂ ਨੂੰ ਰਾਸਧਾਰੀਏ ਕਿਹਾ ਜਾਂਦਾ ਹੈ।

ਰਾਸ ਲੀਲ੍ਹਾ ਕਿਸੇ ਪੱਧਰੀ ਥਾਂ ਉੱਤੇ ਜਾਂ ਤਖ਼ਤਪੋਸ਼ ਜੋੜ ਕੇ ਬਣਾਈ ਮੰਚ ਜਾਂ ਕਿਸੇ ਥੜ੍ਹੇ ਉੱਤੇ ਖੇਡੀ ਜਾਂਦੀ ਹੈ ਜਿਸ ਵਿੱਚ ਕ੍ਰਿਸ਼ਨ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਦੀਆਂ

93/ਪੰਜਾਬੀ ਸਭਿਆਚਾਰ ਦੀ ਆਰਸੀ