ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਜ਼ਬਿਆਂ ਮੱਤਾ ਲੋਕ ਨਾਚ-ਗਿੱਧਾ

ਕਿਸੇ ਵਿਸ਼ੇਸ਼ ਮੌਕੇ ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਾਡਾ ਮਨ ਵਜਦ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਵੱਖ-ਵੱਖ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। 'ਕੱਲੇ ਮਨੁੱਖ ਦੀ ਖ਼ੁਸ਼ੀ ਵਿੱਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਲੂੰ ਅਸੀਂ ਲੋਕ ਨਾਚ ਦਾ ਨਾਂ ਦੇਂਦੇ ਹਾਂ।

ਲੋਕ ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਇਹ ਉਹ ਚਸ਼ਮਾ ਹੈ ਜਿਸ ਵਿੱਚੋਂ ਖ਼ੁਸ਼ੀ ਦੀਆਂ ਫੁਹਾਰਾਂ ਆਪ-ਮੁਹਾਰੇ ਹੀ ਵਹਿ ਤੁਰਦੀਆਂ ਹਨ।

ਲੋਕ ਨਾਚ ਬਿਨਾਂ ਕਿਸੇ ਨਿਯਮ ਦੀ ਬੰਧੇਜ ਦੇ ਮੌਜ ਵਿੱਚ ਨੱਚਿਆ ਜਾਂਦਾ ਹੈ। ਇਸ ਨੂੰ ਸਿੱਖਣ ਲਈ ਵਿਸ਼ੇਸ਼ ਉਸਤਾਦ ਦੀ ਲੋੜ ਨਹੀਂ। ਲੋਕ ਨਾਚ ਦੀਆਂ ਮੁਦਰਾਵਾਂ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਾਂਗ ਬੜੀਆਂ ਸਿੱਧੀਆਂ ਅਤੇ ਸਪੱਸ਼ਟ ਹੁੰਦੀਆਂ ਹਨ।

ਜਨ ਸਾਧਾਰਨ ਦੀ ਜ਼ਿੰਦਗੀ ਇਹਨਾਂ ਨਾਚਾਂ ਵਿੱਚ ਧੜਕਦੀ ਹੈ। ਇਹ ਸਾਡੇ ਸਭਿਆਚਾਰ ਦਾ ਦਰਪਣ ਹਨ। ਕਿਸੇ ਇਲਾਕੇ ਦੀ ਭੂਗੋਲਿਕ, ਰਾਜਨੀਤਕ ਅਤੇ ਸਮਾਜਿਕ ਸਥਿਤੀ ਅਨੁਸਾਰ ਹੀ ਲੋਕ ਨਾਚਾਂ ਦੀ ਰੂਪ-ਰੇਖਾ ਉਭਰਦੀ ਹੈ। ਪਹਾੜੀ, ਸਾਗਰੀ, ਮੈਦਾਨੀ ਇਲਾਕੇ ਦੇ ਲੋਕਾਂ ਅਤੇ ਜੰਗਲੀ ਜੀਵਨ ਜੀ ਰਹੇ ਲੋਕਾਂ ਦੇ ਨਾਚਾਂ ਵਿੱਚ ਅੰਤਰ ਹੈ। ਕਈ ਇਲਾਕਿਆਂ ਵਿੱਚ ਮਰਦ ਤੀਵੀਆਂ ਰਲ ਕੇ ਨੱਚਦੇ ਹਨ, ਕਈਆਂ ਵਿੱਚ 'ਕੱਠਿਆਂ ਨੱਚਣ ਦੀ ਮਨਾਹੀ ਹੈ।

ਪੰਜਾਬ ਦੇ ਲੋਕ ਨਾਚ ਪੰਜਾਬੀ ਸਭਿਆਚਾਰ ਦੀ ਮੂੰਹ-ਬੋਲਦੀ ਤਸਵੀਰ ਹਨ। ਪੰਜਾਬ ਦੀ ਭੂਗੋਲਿਕ ਅਤੇ ਰਾਜਨੀਤਕ ਸਥਿਤੀ ਅਨੁਸਾਰ ਪੰਜਾਬੀਆਂ ਨੂੰ ਮੁੱਢ ਤੋਂ ਹੀ ਹੱਡ ਭੰਨਵੀਂ ਕਾਰ ਕਰਨ ਤੋਂ ਉਪਰੰਤ ਬਦੇਸ਼ੀ ਹਮਲਾਵਰਾਂ ਨਾਲ ਜੂਝਣਾ ਪਿਆ ਹੈ। ਪੰਜਾਬੀਆਂ ਦੇ ਜੁੱਸੇ ਬੜੇ ਨਰੋਏ ਅਤੇ ਖੂਬਸੂਰਤ ਹਨ। ਪੰਜਾਬ ਦੀ ਉਪਜਾਊ ਧਰਤੀ, ਇਸ ਦੇ ਮੇਲਦੇ ਦਰਿਆ, ਲਹਿਲਹਾਂਦੀਆਂ ਫ਼ਸਲਾਂ ਅਤੇ ਪੈਲਾਂ ਪਾਂਦੀਆਂ ਮੁਟਿਆਰਾਂ ਪੰਜਾਬੀਆਂ ਨੂੰ ਸਦਾ ਟੁਭਦੀਆਂ ਰਹੀਆਂ ਹਨ। ਪੰਜਾਬੀਆਂ ਦੇ ਸੁਭਾਅ ਅਤੇ ਮਰਦਉਪਣੇ ਦੇ ਲੱਛਣ ਪੰਜਾਬ ਦੇ ਲੋਕ ਨਾਚਾਂ ਵਿੱਚ ਸਾਫ਼ ਦਿਸ ਆਉਂਦੇ ਹਨ। ਗਿੱਧਾ, ਭੰਗੜਾ, ਝੂਮਰ, ਲੁੱਡੀ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ ਹਨ।

ਗਿੱਧਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਮੁਟਿਆਰਾਂ ਦਾ ਮਨਮੋਹਕ ਲੋਕ ਨਾਚ ਹੈ। ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ 'ਤੇ ਪਾਇਆ ਜਾ ਸਕਦਾ ਹੈ। ਮੁੰਡੇ ਦੀ ਛਟੀ, ਲੋਹੜੀ, ਮੰਗਣੀ ਅਤੇ ਵਿਆਹ-ਸ਼ਾਦੀ ਦੇ ਅਵਸਰ

66/ਪੰਜਾਬੀ ਸਭਿਆਚਾਰ ਦੀ ਆਰਸੀ