ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਲਦ ਲਾਣੇ ਦਾ
ਧੀ ਘਰਾਣੇ ਦੀ
ਮਾੜਾ ਢੱਗਾ
ਛੱਤੀ ਰੋਗ
ਲੋਹੇ ਲਾਖੇ ਹੱਥ ਨਾ ਪਾਈਂ
ਬੱਗਾ ਚਿੱਟਾ ਢੰਡ ਲਿਆਈਂ
ਭੇਡ ਭਰੀ ਮਹਿੰ ਡੱਬੀ
ਦਾੜ੍ਹੀ ਵਾਲੀ ਰੰਨ
ਤਿੰਨੇ ਚੀਜ਼ਾਂ ਛੋਡ ਕੇ
ਸੌਦਾ ਕਰੀਂ ਨਿਸੰਗ
ਸਿੰਗ ਬਾਂਕੇ ਮੈਸ ਸੋਹੇ
ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ
ਬੁਰੀ ਮੱਝ ਤੇ ਮੱਖਣ ਰੋਲਣਾ
ਇਹ ਦੇਵੇ ਕਰਤਾਰ ਤਾਂ ਫਿਰ ਕੀ ਬੋਲਣਾ

ਪੰਜਾਬੀ ਵਿੱਚ ਅਨੇਕਾਂ ਲੋਕ ਅਖਾਣ ਪ੍ਰਚਲਤ ਹਨ ਜਿਹੜੇ ਪੰਜਾਬ ਦੇ ਜੱਟਾਂ ਅਤੇ ਪੰਜਾਬ ਵਿੱਚ ਵਸਦੀਆਂ ਹੋਰ ਉਪ ਜਾਤੀਆਂ ਦੇ ਸੁਭਾਅ ਅਤੇ ਕਿਰਦਾਰ ਦਾ ਵਰਨਣ ਕਰਦੇ ਹਨ ਜਿਨ੍ਹਾਂ ਦਾ ਅਧਿਐਨ ਕਰਕੇ ਅਸੀਂ ਉਹਨਾਂ ਬਾਰੇ ਸਹੀ ਤੌਰ'ਤੇ ਜਾਣ ਸਕਦੇ ਹਾਂ।

ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਨੂੰ ਦਰਸਾਉਣ ਵਾਲ਼ੇ ਲੋਕ ਅਖਾਣ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਵਣਜਾਰਾ ਬੇਦੀ ਦੁਆਰਾ ਸੰਪਾਦਿਤ “ਲੋਕ ਆਖਦੇ ਹਨ, ਡਾ. ਤਾਰਨ ਸਿੰਘ ਤੇ ਦਰਸ਼ਨ ਸਿੰਘ ਅਵਾਰਾ ਦੁਆਰਾ ਸੰਪਾਦਿਤ “ਮੁਹਾਵਰਾ ਅਤੇ ਅਖਾਣ ਕੋਸ਼" ਅਤੇ ਸੁਖਦੇਵ ਮਾਦਪੁਰੀ ਦੀ "ਲੋਕ ਸਿਆਣਪਾਂ" ਪੰਜਾਬੀ ਦੇ ਚਰਚਿਤ ਅਖਾਣ ਕੋਸ਼ ਹਨ। ਅਜੇ ਵੀ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਜਿਹੇ ਵਡਾਰੂ ਬੈਠੇ ਹਨ ਜਿਹੜੇ ਅਖਾਣਾਂ ਦੀਆਂ ਖਾਣਾਂ ਹਨ। ਉਹਨਾਂ ਪਾਸ ਜਾ ਕੇ ਅਖਾਣ ਸਾਂਭਣ ਦੀ ਲੋੜ ਹੈ ਨਹੀਂ ਤਾਂ ਇਹ ਸਾਡਾ ਵੱਡਮੁੱਲਾ ਵਿਰਸਾ ਅਜਾਈਂ ਗੁਆਚ ਜਾਵੇਗਾ।

25/ ਪੰਜਾਬੀ ਸੱਭਿਆਚਾਰ ਦੀ ਆਰਸੀ