ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬ ਵਿੱਚ ਪ੍ਰਚਲਿਤ ਰੀਤੀ ਰਿਵਾਜਾਂ ਦੇ ਹਵਾਲੇ ਨਾਲ ਪੰਜਾਬ ਦੇ ਭਾਈਚਾਰਕ ਜੀਵਨ ਦੀ ਰਾਂਗਲੀ ਤਸਵੀਰ ਪੇਸ਼ ਕੀਤੀ ਗਈ ਹੈ। ਪੰਜਾਬੀਆਂ ਦੇ ਮਨੋਰੰਜਨ ਦੇ ਵਿਸ਼ੇਸ਼ ਸਾਧਨਾਂ ਦੀ ਪੇਸ਼ਕਾਰੀ ‘ਲੋਕ ਖੇਡਾਂ’ ਨਾਂ ਦੇ ਲੇਖ ਵਿੱਚ ਦਿਸ ਆਉਂਦੀ ਹੈ। ਪੁਸਤਕ ਦੇ ਆਖਰੀ ਭਾਗ 'ਅੰਤਿਕਾ' ਵਿਚ ਕੇਵਲ ਤਿੰਨ ਲੇਖ ਸ਼ਾਮਲ ਹਨ। ‘ਵਿਰਾਸਤੀ ਪਿੰਡ-ਲੋਪੋਂ’ ਅਤੇ ‘ਭਾਰਤੀ ਸੰਸਕ੍ਰਿਤੀ ਦਾ ਪੰਘੂੜਾ-ਸੰਘੋਲ' ਦੋਨੋਂ ਅਜਿਹੇ ਖੋਜ ਨਿਬੰਧ ਹਨ ਜੋ ਇਕ ਪਾਸੇ ਪੰਜਾਬੀਆਂ ਦੇ ਲੋਪ ਹੋ ਰਹੇ ਸਭਿਆਚਾਰਕ ਵਿਰਸੇ ਸੰਬੰਧੀ ਜਾਗਰੂਕ ਕਰਦੇ ਹਨ ਅਤੇ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਕਿੰਨੇ ਅਮੀਰ ਵਿਰਸੇ ਦੇ ਮਾਲਕ ਹਨ। ਆਖਰੀ ਲੇਖ ਵਿੱਚ ਡਾ. ਦਰਸ਼ਨ ਸਿੰਘ ਅਰਸ਼ਟ ਨੇ ‘ਆਹਮਣੇ-ਸਾਹਮਣੇ’ ਸਿਰਲੇਖ ਹੇਠ ਸੁਖਦੇਵ ਮਾਦਪੁਰੀ ਨਾਲ ਮੁਲਾਕਾਤ ਰਾਹੀਂ ਲੇਖਕ ਦੇ ਜੀਵਨ, ਹਯਾਤੀ ਤੇ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਬਾਰੇ ਕਈ ਪੱਖ ਸਾਹਮਣੇ ਲਿਆਂਦੇ ਹਨ।

ਇਸ ਤਰ੍ਹਾਂ ਸੁਖਦੇਵ ਮਾਦੁਪਰੀ ਨੇ ਪੰਜਾਬੀ ਲੋਕਯਾਨ, ਸਭਿਆਚਾਰ ਅਤੇ ਲੋਕ ਵਿਰਸੇ ਸਬੰਧੀ ਆਪਣੀਆਂ ਰਚਨਾਵਾਂ ਰਾਹੀਂ ਜੋ ਪ੍ਰਾਪਤੀਆਂ ਕੀਤੀਆਂ ਹਨ, 'ਪੰਜਾਬੀ ਸਭਿਆਚਾਰ ਦੀ ਆਰਸੀ' ਪੁਸਤਕ ਵਿੱਚੋਂ ਉਨ੍ਹਾਂ ਦੀ ਝਲਕ ਸਹਿਜੇ ਹੀ ਵੇਖੀ ਜਾ ਸਕਦੀ ਹੈ। ਨਿਰਸੰਦੇਹ, ਇਹ ਪੁਸਤਕ ਪੰਜਾਬੀਆਂ ਦੇ ਲੋਕ ਵਿਰਸੇ ਸੰਬੰਧੀ ਇਕ ਕਦਰਯੋਗ ਵਾਧਾ ਹੈ ਅਤੇ ਲੇਖਕ ਨੇ ਆਪਣੇ ਵਿਚਾਰ ਬਹੁਤ ਹੀ ਸਾਦਾ ਤੇ ਸਪਸ਼ਟ ਢੰਗ ਨਾਲ ਪ੍ਰਗਟ ਕੀਤੇ ਹਨ। ਉਸ ਦੀ ਬੋਲੀ ਤੇ ਸ਼ੈਲੀ ਦੀ ਸਾਦਗੀ ਵਿੱਚ ਸੁੰਦਰਤਾ ਹੈ।

ਡਾ. ਕਰਨੈਲ ਸਿੰਘ ਥਿੰਦ

ਪ੍ਰੋਫ਼ੈਸਰ ਤੇ ਮੁਖੀ (ਸਾਬਕਾ)

ਪੰਜਾਬੀ ਅਧਿਐਨ ਸਕੂਲ,

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

182/ਪੰਜਾਬੀ ਸਭਿਆਚਾਰ ਦੀ ਆਰਸੀ