ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

-ਮੇਰੇ ਤਾਂ ਚਿਤ ਚੇਤੇ ਵਿੱਚ ਨਹੀਂ ਸੀ ਕਿ ਮੈਂ ਸਕੂਲ ਦੀ ਅਧਿਆਪਕੀ ਛੱਡ ਕੇ ਪੰਜਾਬ ਸਕੂਨ ਸਿੱਖਿਆ ਬੋਰਡ ਵਿੱਚ ਚਲਿਆ ਜਾਵਾਂਗਾ।ਉਹਨੀ ਦਿਨੀਂ ਸਰਦਾਰ ਭਰਪੂਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸਨ। ਉਹ ਮੇਰੇ ਕੰਮ ਕਾਰ ਤੋਂ ਜਾਣੂ ਸਨ। ਉਹ ਪੰਜਾਬੀ ਸਭਿਆਚਾਰ ਦੇ ਅਲੰਬਰਦਾਰ ਸਨ। ਬੋਰਡ ਵਿੱਚ ਕੰਮ ਸਕੂਲੀ ਪਾਠ ਪੁਸਤਕਾਂ ਨੂੰ ਤਬਦੀਲ ਕਰਨ ਦਾ ਸੀ। ਇਸ ਮੰਤਵ ਲਈ ਉਹ ਮੈਨੂੰ ਇਕ ਸਾਲ ਲਈ ਡੈਪੂਟੇਸ਼ਨ ’ਤੇ ਲੈ ਆਏ।ਇਕ ਸਾਲ ਮਗਰੋਂ ਉਹਨਾਂ ਮੈਨੂੰ ਪੱਕੇ ਤੌਰ ਤੇ ਲੋਕ ਹਿੱਤ ਵਿੱਚ ਬੋਰਡ ਵਿੱਚ ਜ਼ਜ਼ਬ ਕਰ ਲਿਆ। 1980 ਵਿੱਚ ਬੱਚਿਆਂ ਦੇ ਰਸਾਲੇ ‘ਪ੍ਰਾਇਮਰੀ ਸਿੱਖਿਆ’ ਦਾ ਮੋਢੀ ਸੰਪਾਦਕ ਬਣਿਆਂ। ਮਗਰੋਂ ਦੋਨੋ ਰਸਾਲੇ 'ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ ਦੀ ਜ਼ਿੰਮੇਵਾਰੀ ਮੈਨੂੰ ਸੰਭਾਲੀ ਗਈ। ਇਸ ਕਾਰਜ ਨੂੰ ਮੈਂ ਇਕ ਪਵਿੱਤਰ ਕਾਰਜ ਵਜੋਂ ਸਾਂਭਿਆ, ਪੂਰੀ ਤਨਦੇਹੀ ਨਾਲ ਪੰਜਾਬ ਦੇ ਬੱਚਿਆਂ ਨੂੰ ਵਿਸ਼ੇਸ਼ ਕਰਕੇ ਪੇਂਡੂ ਬੱਚਿਆਂ ਨੂੰ ਸਿਹਤਮੰਦ, ਦਿਲਚਸਪ ਤੇ ਗਿਆਨ ਵਰਧਕ ਬਾਲ ਸਾਹਿਤ ਪ੍ਰਦਾਨ ਕਰਨ ਦਾ ਯਤਨ ਕੀਤਾ। ਮੈਂ ਇਹਨਾਂ ਰਸਾਲਿਆਂ ਦੀ ਵਾਗਡੋਰ ਸੰਭਾਲਣ ਵੇਲੇ ਹੀ ਇਹ ਤੈਅ ਕਰ ਲਿਆ ਸੀ ਕਿ ਬੱਚਿਆਂ ਲਈ ਮਿਆਰੀ ਬਾਲ ਸਾਹਿਤ ਹੀ ਦੇਣਾ ਹੈ। ਇਹਨਾਂ ਰਸਾਲਿਆਂ ਨੂੰ ਮੈਂ ਪਿੰਡਾਂ ਤੇ ਸ਼ਹਿਰਾਂ ਦੇ ਸਕੂਲਾਂ ਵਿੱਚ ਪੁੱਜਦਾ ਕੀਤਾ। ਅਣਜਾਣ ਪਾਠਕ ਬਣ ਕੇ ਸ਼ਹਿਰਾਂ ਜਾਂ ਕਸਬਿਆਂ ਦੇ ਬੁੱਕ ਸਟਾਲਾਂ ਤੋਂ ‘ਪੰਖੜੀਆਂ’ ਤੇ ‘ਪ੍ਰਾਇਮਰੀ ਸਿੱਖਿਆ' ਦੀ ਮੰਗ ਕੀਤੀ। ਉਹਨਾਂ ਕੋਲ ਨਾ ਉਪਲਬਧ ਹੋਣ ਦੀ ਸੂਰਤ ਵਿੱਚ ਇਹ ਪਰਚੇ ਬੋਰਡ ਕੋਲੋਂ ਮੰਗਾਉਣ ਲਈ ਕਿਹਾ ਤਾਂ ਜੋ ਬੱਚਿਆਂ ਅੰਦਰ ਚੰਗਾ ਸਾਹਿਤ ਪੜ੍ਹਨ ਦੀ ਚੇਤਨਾ ਪੈਦਾ ਕੀਤੀ ਜਾ ਸਕੇ। ਪੰਜਾਬੀ ਦੇ ਪ੍ਰਮੁੱਖ ਲੇਖਕਾਂ ਨੂੰ ਬਾਲ ਸਾਹਿਤ ਲਿਖਣ ਲਈ ਪ੍ਰੇਰਿਆ ਤੇ ਵਿਦਿਆਰਥੀ ਲੇਖਕਾਂ ਨੂੰ ਉਹਨਾਂ ਦੀਆਂ ਲਿਖਤਾਂ ਛਾਪ ਕੇ ਉਤਸ਼ਾਹਿਤ ਕੀਤਾ। ਸ਼ਾਇਦ ਹੀ ਪੰਜਾਬੀ ਦਾ ਕੋਈ ਅਜਿਹਾ ਲੇਖਕ ਹੋਵੇਗਾ ਜਿਸ ਪਾਸੋਂ ਮੈਂ ਬਾਲ ਸਾਹਿਤ ਨਾ ਲਿਖਵਾਇਆ ਹੋਵੇ। ਪ੍ਰੋ: ਪ੍ਰੀਤਮ ਸਿੰਘ, ਕਰਤਾਰ ਸਿੰਘ ਦੁੱਗਲ, ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਡਾ ਹਰਚਰਨ ਸਿੰਘ, ਸੁਰਜੀਤ ਰਾਮਪੁਰੀ, ਰਾਮ ਸਰੂਪ ਅਣਖੀ, ਪਿਆਰਾ ਸਿੰਘ ਸਹਿਰਾਈ, ਸੁਰਜੀਤ ਮਰਜਾਰਾ, ਅਜਾਇਬ ਚਿੱਤਰਕਾਰ, ਸੁਖਬੀਰ, ਪਿਆਰਾ ਸਿੰਘ ਪਦਮ, ਪਿਆਰਾ ਸਿੰਦ ਦਾੜਾ, ਮੋਹਨ ਭੰਡਾਰੀ, ਅਨੰਤ ਸਿੰਘ ਕਾਬਲੀ, ਸੰਤੋਸ਼ ਸਾਹਨੀ, ਮਹਿੰਦਰ ਸਿੰਘ ਜੋਸ਼ੀ, ਬਚਿੰਤ ਕੌਰ, ਡਾ. ਗੁਰਚਰਨ ਸਿੰਘ, ਗੁਰਬਚਨ ਸਿੰਘ ਭੁੱਲਰ, ਓਮ ਪ੍ਰਕਾਸ਼ ਗਾਸੋ, ਬਲਦੇਵ ਸਿੰਘ, ਪ੍ਰੀਤਮ ਸਿੰਘ ਕਵੀ ਅਤੇ ਪਿਆਰਾ ਸਿੰਘ ਭੋਗਲ ਆਦਿ ਪੰਜਾਬੀ ਦੇ ਸਿਰਮੌਰ ਲੇਖਕ ਇਹਨਾਂ ਰਸਾਲਿਆਂ ਵਿੱਚ ਲਗਾਤਾਰ ਛਪਦੇ ਰਹੇ ਹਨ ਪਰ ਮੈਂ ਕਦੇ ਆਪਣੀ ਸੰਪਾਦਕੀ ਨੀਤੀ ਦੇ ਵਿਰੁੱਧ ਨਹੀਂ ਗਿਆ। ਮਿਸਾਲ ਦੇ ਤੌਰ 'ਤੇ ਮੈਂ ਰਾਮ ਸਰੂਪ ਅਣਖੀ ਕੋਲੋਂ ਉਚੇਚੇ ਤੌਰ ਤੇ ਇਕ ਬਾਲ ਨਾਵਲ ਲਿਖਵਾਇਆ ਸੀ ਪਰ ਜਦੋਂ ਮੈਂ ਉਹ ਨਾਵਲ ਪੜ੍ਹਿਆ ਤਾਂ ਉਹ ਬੱਚਿਆਂ ਦੀ ਮਾਨਸਿਕਤਾ ਦੇ ਅਨੁਕੂਲ ਨਹੀਂ ਸੀ। ਮੈਂ ਉਹ ਨਾਵਲ ਆਪਣੇ ਬਾਲ ਰਸਾਲਿਆਂ ਵਿੱਚ ਨਾ ਛਾਪਿਆ ਪਰ ਵੱਡਿਆਂ ਵਾਸਤੇ ਉਹ ਇਕ ਵਧੀਆ ਨਾਵਲ ਸੀ। ਮੈਂ ਉਹ ਨਾਵਲ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜਿਆ ਤੇ ਉਹਨਾਂ ਛਾਪ ਦਿੱਤਾ। ਇਓਂ ਮੈਂ ਕਿਸੇ ਵੀ ਮਿੱਤਰ ਨਾਲ ਬਾਲ ਸਾਹਿਤ ਦੇ ਨਾਂ 'ਤੇ ਕੋਈ ਸਮਝੌਤਾ ਨਹੀਂ ਕੀਤਾ। ਇਸ ਤਰ੍ਹਾਂ ਮੈਂ ਆਪਣੇ ਦੋਸਤਾਨਾ ਸਬੰਧਾਂ ਵਿੱਚ ਕੋਈ ਫਿੱਕ ਨਹੀਂ ਪੈਣ ਦਿੱਤੀ।

? ਅਜੋਕੇ ਮੀਡੀਆ ਪ੍ਰਧਾਨ ਯੁੱਗ ਵਿੱਚ ਬਾਲ ਸਾਹਿਤ ਦੀ ਕੀ ਪ੍ਰਾਸੰਗਿਕਤਾ

-ਬੱਚਿਆਂ ਦੀ ਜੀਵਨ ਉਸਾਰੀ ਵਿੱਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ।

175/ਪੰਜਾਬੀ ਸਭਿਆਚਾਰ ਦੀ ਆਰਸੀ