ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯੂਨੀਵਰਸਿਟੀ, ਪਟਿਆਲਾ ਨਾਲ਼ ਪਹਿਲਾਂ ਹੋਈ ਕਮਿੱਟਮੈਂਟ ਕਾਰਨ ਦੋਵੇਂ ਪਾਸੇ ਇਸ ਪ੍ਰਾਜੈਕਟ ਨੂੰ ਨਿਭਾਉਣਾ ਮੇਰੇ ਲਈ ਮੁਮਕਿਨ ਨਹੀਂ ਸੀ। ਸੋ ਪੰਜਾਬੀ ਬੁਝਾਰਤਾਂ ਦਾ ਉਹ ਪ੍ਰਾਜੈਕਟ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਤਿਆਰ ਕੀਤਾ। ਯੂਨੀਵਰਸਿਟੀ ਨੇ ਇਹ ਪੁਸਤਕ 'ਪੰਜਾਬੀ ਬੁਝਾਰਤਾਂ' ਨਾਂ ਹੇਠ 1978 ਵਿੱਚ ਪ੍ਰਕਾਸ਼ਿਤ ਕੀਤੀ। ਇਸ ਪੁਸਤਕ ਵਿੱਚ ਮੈਂ ਬੁਝਾਰਤਾਂ ਦੀ ਪ੍ਰਾਚੀਨਤਾ ਨੂੰ ਸਿੱਧ ਕਰਦਿਆਂ ਮਨੁੱਖੀ ਸਰੀਰ ਦੇ ਅੰਗਾਂ, ਬਨਸਪਤੀ, ਫਸਲਾਂ, ਜੀਵ-ਜੰਤੂਆਂ, ਘਰੇਲੂ ਵਸਤਾਂ, ਗੱਲ ਕੀ ਜੀਵਨ ਦੇ ਹਰ ਖੇਤਰ ਜਾਂ ਵਿਸ਼ੇ ਨਾਲ਼ ਸਬੰਧਤ ਬੁਝਾਰਤਾਂ ਨੂੰ ਸੰਭਾਲਿਆ। ਪਿਛਲੇ ਅਰਸੇ ਤੋਂ 'ਮੈਂ ਪੰਜਾਬੀ ਬੁਝਾਰਤ ਕੋਸ਼' ਦੇ ਕਾਰਜ ਵਿੱਚ ਲੱਗਿਆ ਹੋਇਆ ਸਾਂ। ਇਹ ਕੋਸ਼ ਲਾਹੌਰ ਬੁੱਕ ਸ਼ਾਪ, ਲੁਧਿਆਣਾ ਵੱਲੋਂ 2007 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

? ਲੋਕ ਕਹਾਣੀਆਂ ਦੇ ਸੰਕਲਪ ਨੂੰ ਬਿਆਨ ਕਰਨ ਦੇ ਨਾਲ਼-ਨਾਲ਼ ਆਪਣੇ ਲੋਕ ਕਹਾਣੀਆਂ ਸਬੰਧੀ ਕੀਤੇ ਕਾਰਜਾਂ ਬਾਰੇ ਵੀ ਦੱਸੋ।

- ਮੈਂ ਲੋਕ ਕਹਾਣੀਆਂ ਦੀਆਂ ਕੂਲ੍ਹਾਂ ਆਖੀਆਂ ਜਾਂਦੀਆਂ ਦਾਦੀਆਂ-ਨਾਨੀਆਂ ਕੋਲੋਂ ਇਹ ਖਜ਼ਾਨਾ ਪ੍ਰਾਪਤ ਕੀਤਾ ਹੈ। ਬਜ਼ੁਰਗਾਂ ਦੇ ਚੇਤਿਆਂ ਵਿੱਚ ਇਹ ਲੋਕ-ਕਹਾਣੀਆਂ ਅਜੇ ਵੀ ਜੀਵਤ ਹਨ। ਸ਼ਾਇਦ ਹੀ ਕੋਈ ਪੰਜਾਬੀ ਹੋਵੇਗਾ ਜਿਸ ਨੇ ਲੋਕ ਕਹਾਣੀਆਂ ਦੇ ਮਾਖਿਓਂ ਦਾ ਸੁਆਦ ਨਾ ਚੱਖਿਆ ਹੋਵੇ। ਇਹ ਲੋਕ ਕਹਾਣੀਆਂ ਕੇਵਲ ਸਾਡੇ ਮਨੋਰੰਜਨ ਦਾ ਹੀ ਇਕ ਸਾਧਨ ਨਹੀਂ ਹਨ ਸਗੋਂ ਇਹ ਸਾਡੇ ਜੀਵਨ ਦੀ ਅਗਵਾਈ ਵੀ ਕਰਦੀਆਂ ਹਨ। ਇਹਨਾਂ ਰਾਹੀਂ ਮਨੁੱਖ ਮਾਤਰ ਨੂੰ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦੀ ਹੈ। ਦਲੀਲ ਜਾਂ ਪ੍ਰਮਾਣ ਵਜੋਂ ਆਪਣੀ ਗੱਲ ਦੀ ਪੁਸ਼ਟੀ ਕਰਨ ਲਈ ਸਿਆਣੇ ਲੋਕ ਇਹਨਾਂ ਦੀ ਵਰਤੋਂ ਕਰਦੇ ਹਨ। ਇਹਨਾਂ ਵਿੱਚੋਂ ਪੰਜਾਬ ਦੇ ਜਨ-ਜੀਵਨ ਦੇ ਦਰਸ਼ਨ ਹੁੰਦੇ ਹਨ। ਜਨ ਸਾਧਾਰਨ ਦੇ ਦੁੱਖਾਂ-ਸੁੱਖਾਂ, ਉਦਗਾਰਾਂ, ਆਸ਼ਾਵਾਂ, ਰਹਿਣ-ਸਹਿਣ, ਰੀਤੀ ਰਿਵਾਜਾਂ, ਅਖ਼ਲਾਕੀ ਕਦਰਾਂ ਕੀਮਤਾਂ ਦੀ ਝਲਕ ਇਹਨਾਂ ਕਹਾਣੀਆਂ ਵਿੱਚੋਂ ਸਾਫ ਦਿਸ ਆਉਂਦੀ ਹੈ। ਇਹਨਾਂ ਲੋਕ ਕਹਾਣੀਆਂ ਦਾ ਸੁਆਦ ਕੱਚੇ ਦੁੱਧ ਦੀਆਂ ਧਾਰਾਂ ਵਰਗਾ ਹੁੰਦੈ..ਮੱਕੀ ਦੀ ਛੱਲੀ ਦੇ ਦੋਧੇ ਦਾਣਿਆਂ ਵਰਗਾ। ਸਵਰਗੀ ਸਰਦਾਰ ਜੀਵਨ ਸਿੰਘ, ਮਾਲਕ ਲਾਹੌਰ ਬੁੱਕ ਸ਼ਾਪ, ਲੁਧਿਆਣਾ ਦੀ ਪ੍ਰੇਰਣਾ ਸਕਦਾ ਮੈਂ ਇਹ ਕਾਰਜ ਆਰੰਭ ਕੀਤੇ ਸਨ। ਉਦੋਂ ਅੱਜਕਲ੍ਹ ਵਰਗੇ ਰਿਕਾਰਡਿੰਗ ਦੇ ਆਧੁਨਿਕ ਕਿਸਮ ਦੇ ਸਾਧਨ ਨਹੀਂ ਸਨ। ਮੈਂ ਲੋਕ ਕਹਾਣੀਆਂ ਦੀਆਂ ਕਈ ਕਿਤਾਬਾਂ ਸੰਪਾਦਤ ਕੀਤੀਆਂ ਹਨ। ਇਨ੍ਹਾਂ ਲੋਕ ਕਹਾਣੀਆਂ ਨੂੰ ਮੈਂ ਬਿਨਾਂ ਕਿਸੇ ਵਿਸ਼ੇਸ਼ ਸੁਧਾਈ ਦੇ 'ਜਿਵੇਂ ਬੋਲਿਆ ਕਿਵੇਂ ਲਿਖਿਆ' ਦੇ ਅਧਾਰ 'ਤੇ ਪੇਸ਼ ਕੀਤਾ ਹੈ ਤਾਂ ਜੋ ਲੋਕ-ਮੁਹਾਵਰਾ ਵੀ ਕਾਇਮ ਰਹੇ। ਇਸ ਦੇ ਨਾਲ਼ ਹੀ ਲੋਕ ਕਹਾਣੀ ਦੀ ਆਤਮਾ ਨੂੰ ਵੀ ਕੋਈ ਚੋਟ ਨਾ ਪਹੁੰਚੇ, ਇਹਨਾਂ ਦੀ ਸ਼ਬਦਾਵਲੀ, ਵਾਕ ਬਣਤਰ ਅਤੇ ਸ਼ੈਲੀ ਦਾ ਉਹੀ ਰੂਪ ਕਾਇਮ ਰਹੇ। ਇਸ ਸੰਦਰਭ ਵਿੱਚ ਮੇਰੀ ਇਕ ਪੁਸਤਕ 'ਬਾਤਾਂ ਦੇਸ ਪੰਜਾਬ ਦੀਆਂ' ਖ਼ਾਸ ਤੌਰ 'ਤੇ ਵਾਚੀ ਜਾ ਸਕਦੀ ਹੈ। ਭਾਸ਼ਾ ਵਿਗਿਆਨ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੀ ਦ੍ਰਿਸ਼ਟੀ ਤੋਂ ਲੋਕ ਕਹਾਣੀਆਂ ਦੀ ਇਸ ਪੁਸਤਕ ਦੀ ਆਪਣੀ ਮਹੱਤਤਾ ਹੈ।

? ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿੱਚ ਵੀ ਤੁਸੀਂ ਜਾਣੇ-ਪਛਾਣੇ ਲਿਖਾਰੀ ਹੋ। ਭਾਸ਼ਾ ਵਿਭਾਗ, ਪੰਜਾਬ ਨੇ ਤੁਹਾਨੂੰ 'ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖ' ਪੁਰਸਕਾਰ ਨਾਲ਼ ਵੀ ਨਿਵਾਜਿਆ ਹੈ। ਬਾਲ ਸਾਹਿਤ ਖੇਤਰ ਵੱਲ ਆਉਣ ਦਾ ਸਬੱਬ ਕਿਵੇਂ ਬਣਿਆਂ?

173/ ਪੰਜਾਬੀ ਸਭਿਆਚਾਰ ਦੀ ਆਰਸੀ