ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਉੱਤਰ ਦਿੱਤੇ।[1] ਬੁਝਾਰਤਾਂ ਤੇ ਉਹਨਾਂ ਦੇ ਉੱਤਰ ਇਹ ਸਨ:

ਪ੍ਰਸ਼ਨ- ਧਰਤੀ ਤੋਂ ਭਾਰੀ ਕੌਣ ਹੈ?
ਯੁਧਿਸ਼ਟਰ ਦਾ ਉੱਤਰ- ਮਾਤਾ।
ਪ੍ਰਸ਼ਨ- ਹਵਾ ਤੋਂ ਵੀ ਤੇਜ਼ ਰਫਤਾਰ ਕਿਸ ਦੀ ਹੈ?
ਯੁਧਿਸ਼ਟਰ ਦਾ ਉੱਤਰ- ਮਨ ਦੀ ਰਫ਼ਤਾਰ ਸਭ ਤੋਂ ਜ਼ਿਆਦਾ ਤੇਜ਼ ਹੈ।
ਪ੍ਰਸ਼ਨ- ਦੁਨੀਆ ਦਾ ਸਭ ਤੋਂ ਵੱਡਾ ਅਜੂਬਾ ਕੀ ਹੈ?
ਯੁਧਿਸ਼ਟਰ ਦਾ ਉੱਤਰ- ਲੋਕੀ ਰੋਜ਼ ਦੇਖਦੇ ਹਨ ਕਿ ਲੋਕ ਮਰ ਰਹੇ ਹਨ ਤੇ ਉਹਨਾਂ ਦੀਆਂ ਅਰਥੀਆਂ ਸ਼ਮਸ਼ਾਨ ਘਾਟ ਲਿਜਾਈਆਂ ਜਾ ਰਹੀਆ ਹਨ। ਪਰੰਤੂ ਫਿਰ ਵੀ ਉਹ ਸਮਝਦੇ ਹਨ ਕਿ ਉਹਨਾਂ ਦੀ ਵਾਰੀ ਕਦੇ ਨਹੀਂ ਆਵੇਗੀ।
ਪ੍ਰਸ਼ਨ- ਮੌਤ ਤੋਂ ਬਾਅਦ ਆਦਮੀ ਨਾਲ਼ ਕੌਣ ਜਾਂਦਾ ਹੈ?
ਯੁਧਿਸ਼ਟਰ ਦਾ ਉੱਤਰ- ਉਸ ਦਾ ਧਰਮ।
ਪ੍ਰਸ਼ਨ- ਕਿਸ ਦੇ ਵਿੱਚ ਦਿਲ ਨਹੀਂ ਹੁੰਦਾ?
ਯੁਧਿਸ਼ਟਰ ਦਾ ਉੱਤਰ-ਪੱਥਰ ਵਿੱਚ ਦਿਲ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਅਸੀਂ ਬੇਰਹਿਮ ਵਿਅਕਤੀ ਨੂੰ ਪੱਥਰ ਦਿਲ ਕਹਿੰਦੇ ਹਾਂ।

ਯਖਸ਼ ਯੁਧਿਸ਼ਟਰ ਦੀ ਸੁਘੜਤਾ ਉੱਤੇ ਇਤਨਾ ਪ੍ਰਸੰਨ ਹੋਇਆ ਕਿ ਉਸ ਨੇ ਚੌਹਾਂ ਪਾਡਵਾਂ ਨੂੰ ਮੁੜ ਸੁਰਜੀਤ ਕਰ ਦਿੱਤਾ।

ਇੱਕ ਯੂਨਾਨੀ ਲੋਕ ਕਥਾ ਵੀ ਪ੍ਰਚੱਲਤ ਹੈ:
ਕਿਹਾ ਜਾਂਦਾ ਹੈ ਕਿ ਯੂਨਾਨ ਦੇ ਪ੍ਰਾਚੀਨ ਸ਼ਹਿਰ ਫੀਵ ਦੇ ਵਿੱਚਕਾਰ ਸੜਕ ਤੇ ਇੱਕ ਡਰਾਉਣਾ ਦਿਓ ਸਫਿੰਕਸ ਆ ਵਸਿਆ। ਉਸ ਸੜਕ ਰਾਹੀਂ ਜੋ ਵੀ ਰਾਹੀ ਇਸ ਸ਼ਹਿਰ ਨੂੰ ਆਉਂਦਾ ਸਫਿੰਕਸ ਉਸ ਨੂੰ ਰੋਕ ਲੈਂਦਾ ਅਤੇ ਬੁਝਾਰਤਾਂ ਪੁੱਛਦਾ। ਜਿਹੜਾ ਬੁਝਾਰਤਾਂ ਨਾ ਬੁੱਝ ਸਕਦਾ ਉਸ ਨੂੰ ਉਹ ਮਾਰ ਕੇ ਖਾ ਲੈਂਦਾ। ਇਸ ਤਰ੍ਹਾਂ ਉਸ ਨੇ ਬੁਝਾਰਤਾਂ ਨਾ ਬੁੱਝਣ ਕਰਕੇ ਹਜ਼ਾਰਾਂ ਪਰਾਣੀਆਂ ਨੂੰ ਮਾਰ ਮੁਕਾਇਆ। ਉਸ ਦੇ ਪੈਰਾਂ ਥੱਲੇ ਦੀ ਪਹਾੜੀ ਹੱਡੀਆਂ ਨਾਲ ਭਰੀ ਪਈ ਸੀ। ਸਾਰੇ ਦੇਸ਼ ਵਿੱਚ ਮਾਤਮ ਛਾਇਆ ਹੋਇਆ ਸੀ। ਸਾਰੀ ਜਨਤਾ ਦੁਖੀ ਸੀ ਤੇ ਮਰਨ ਵਾਲਿਆਂ ਲਈ ਵਿਰਲਾਪ ਕਰ ਰਹੀ ਸੀ। ਆਖ਼ਰ ਏਡਿਪ ਨਾਮੀ ਇੱਕ ਬੁੱਧੀਮਾਨ ਗਭਰੂ ਸਫਿੰਕਸ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਉਸ ਨੇ ਆਪਣੇ ਆਪ ਨੂੰ ਬੁਝਾਰਤਾਂ ਬੁੱਝਣ ਲਈ ਪੇਸ਼ ਕੀਤਾ। ਸਵਿੰਕਸ ਨੇ ਉਸ ਪਾਸੋਂ ਇਹ ਬੁਝਾਰਤ ਪੁੱਛੀ, “ਸਵੇਰ ਨੂੰ ਚਾਰ, ਦਿਨ ਨੂੰ ਦੋ ਅਤੇ ਰਾਤ ਨੂੰ ਤਿੰਨ ਟੰਗਾਂ ’ਤੇ ਕੌਣ ਤੁਰਦਾ ਹੈ?"

ਏਡਿਪ ਨੇ ਝੱਟ ਉੱਤਰ ਦਿੱਤਾ, “ਮਨੁੱਖ, ਬਚਪਨ ਵਿੱਚ ਉਹ ਚਾਰ ਟੰਗਾਂ ਤੇ ਤੁਰਦਾ ਹੈ, ਜਵਾਨ ਅਵਸਥਾ ਵਿੱਚ ਦੋ ਟੰਗਾਂ ਤੇ ਅਤੇ ਬੁਢਾਪੇ ਵਿੱਚ ਲਾਠੀ ਦਾ ਸਹਾਰਾ ਲੈ ਕੇ ਤਿੰਨ ਟੰਗਾਂ ਤੇ ਤੁਰਦਾ ਹੈ।"

ਬੁਝਾਰਤ ਦਾ ਠੀਕ ਉੱਤਰ ਸੁਣ ਦੇ ਸਫਿੰਕਸ ਉਸ ਪਹਾੜੀ ਤੋਂ ਚਲਿਆ ਗਿਆ ਤੇ ਸਾਗਰ ਵਿੱਚ ਜਾ ਕੇ ਡੁੱਬ ਗਿਆ।[2]


  1. *ਸੋਹਿੰਦਰ ਸਿੰਘ ਬੇਦੀ, ‘ਪੰਜਾਬ ਦੀ ਲੋਕਧਾਰਾ’, ਪੰਨਾ 184
  2. ** Standard Dictionary of Folklore Mythology and Legend', V.2, 1950: New York, P 934-44

13/ਪੰਜਾਬੀ ਸਭਿਆਚਾਰ ਦੀ ਆਰਸੀ