ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਰਾਸਤੀ ਪਿੰਡ-ਲੋਪੋਂ

ਲੋਪੋਂ-ਸਮਰਾਲਾ ਤੋਂ ਦੋਰਾਹਾ ਨੂੰ ਜਾਣ ਵਾਲੀ ਪੱਕੀ ਸੜਕ ਉੱਤੇ ਸਮਰਾਲਾ ਤੋਂ 10 ਕਿਲੋਮੀਟਰ ਦੇ ਫਾਸਲੇ ਤੇ ਵੱਸਿਆ ਹੋਇਆ ਪਿੰਡ ਹੈ। ਇਸ ਪਿੰਡ ਨੇ ਕਈ ਰਾਜਸੀ ਉਤਰਾ-ਚੜ੍ਹਾ ਦੇਖੇ ਹਨ। ਇਹ ਪਿੰਡ ਰਿਆਸਤ ਪਟਿਆਲਾ ਦੀ ਤਹਿਸੀਲ ਪਾਇਲ ਅਧੀਨ ਰਹਿਣ ਉਪਰੰਤ 1956 ਤੋਂ ਜ਼ਿਲਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਨਾਲ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ 300 ਵਰ੍ਹੇ ਪਹਿਲਾਂ ਡੈਡਾ ਨਾਮੀ ਕਸ਼ਮੀਰੀ ਪੰਡਤ ਨੇ ਜੋ ਸੋਢੀਆਂ ਦਾ ਪਟਵਾਰੀ ਸੀ ਇਹ ਪਿੰਡ ਵਸਾਇਆ ਸੀ।

ਪੰਜਾਬ ਦੇ ਅਧਿਆਤਮਕ ਅਤੇ ਸਭਿਆਚਾਰਕ ਖੇਤਰ ਵਿੱਚ ਲੋਪੋਂ ਪਿੰਡ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਉਹ ਪਿੰਡ ਹੈ ਜਿੱਥੇ ਸੰਤ ਮੋਹਰ ਸਿੰਘ ਮਹਿਮਾ ਸ਼ਾਹ ਨੇ ਆਪਣਾ ਜੀਵਨ ਬਿਤਾਇਆ ਅਤੇ ਇੱਥੇ ਹੀ ਭਗਤੀ ਰਸ ਵਿੱਚ ਰੰਗੀ ਹੋਈ ਪੰਜਾਬੀ ਵਿੱਚ ਢੇਰ ਸਾਰੀ ਅਧਿਆਤਮਕ ਕਵਿਤਾ ਰਚੀ। ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਜੋ ਸੰਤ ਈਸ਼ਰ ਸਿੰਘ ਰਾੜੇ ਵਾਲਾ ਦੇ ਗੁਰੂ ਸਨ ਇੱਥੋਂ ਦੇ ਹੀ ਜੰਮਪਲ ਹਨ। ਮਾਲਵੇ ਦੀ ਚਰਚਿਤ ਪ੍ਰੀਤ ਕਹਾਣੀ 'ਕਾਕਾ ਪਰਤਾਪੀ' ਵੀ ਇਸੇ ਪਿੰਡ ਨਾਲ ਸਬੰਧ ਰੱਖਦੀ ਹੈ। ਇਥੇ ਹੋਲੇ ਮਹੱਲੇ ਦੇ ਨਾਲ ਮਹਿਮਾ ਸ਼ਾਹ ਦੀ ਸਮਾਧ ’ਤੇ ਬੜਾ ਭਾਰੀ ਮੇਲਾ ਲੱਗਦਾ ਹੈ।

ਮਾਲਵੇ ਦਾ ਪ੍ਰਸਿੱਧ ਕਵੀਸ਼ਰ ਗੁਰਬਖ਼ਸ਼ ਸਿੰਘ ਲੋਪੋਂ ਪਿੰਡ ਦੀ ਸਿਫਤ ਆਪਣੇ ਕਾਵਿ ਮਈ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕਰਦਾ ਹੈ:

ਲੋਪੋਂ ਦੀ ਸਿਫਤ ਕੀ ਕਰਾਂ ਪੁਕਾਰ ਮੈਂ।
ਜੈਸੀ ਮੇਰੀ ਬਾਤ ਸੋ ਕਰੂੰ ਉਚਾਰ ਮੈਂ।
ਸੁੰਦਰ ਗਰਾਮ ਸੁੰਦਰ ਹਵੇਲੀਆਂ।
ਨਾਰਾਂ ਮੁਟਿਆਰਾਂ ਜਿਉਂ ਚੰਨਣ ਗੇਲੀਆਂ।
ਪਿੰਡ ਸੀ ਅਬਾਦ ਵਸੇ ਨਾਲ ਰੰਗ ਦੇ।

ਗਿਰਦਾ ਸੁਹਾਵੇ ਯਾਰੋ ਵਾਂਗ ਝੰਗ ਦੇ।

ਸੰਦੁਰ ਬਰੋਟੇ ਪੀਘਾਂ ਪੈਣ ਲੰਮੀਆਂ
ਗੋਦ ਲੈ ਇਸ਼ਕ ਨਾਰਾਂ ਕਈ ਜੰਮੀਆਂ
ਗਲੀ ਕੂਚੇ ਸੋਹਣੇ ਸੋਹਣੇ ਜਾਣ ਨੱਢੜੇ
ਤਾੜਦੇ ਸ਼ੁਕੀਨੀ ਸਾਰੇ ਛੋਟੇ ਬਡੜੇ
ਸੁੰਦਰ ਜਵਾਨ ਪਤਲੇ ਸੀ ਅੰਗ ਦੇ।
ਗਿਰਦਾ ਸੁਹਾਵੇ ਯਾਰੋ ਵਾਂਗ ਝੰਗ ਦੇ।

159/ਪੰਜਾਬੀ ਸਭਿਆਚਾਰ ਦੀ ਆਰਸੀ