ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅੱਖੀਆਂ ਜਾ ਲੱਗੀਆਂ -
ਜਿਹੜੀਆਂ ਗੱਲਾਂ ਤੋਂ ਡਰਦੀ

ਕੋਈ ਖਚਰਾ ਬ੍ਰਾਹਮਣਾਂ ਦਾ ਮਖੌਲ ਉਡਾਉਂਦਾ ਹੋਇਆ ਵਿਅੰਗ ਕਸਦਾ ਹੈ :

ਖਿਹ ਮਰਦੇ ਬ੍ਰਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ

ਪਿੰਡਾਂ 'ਚ ਪੰਡਿਤ ਨੂੰ ਦਾਦਾ ਆਖਦੇ ਹਨ। ਦਾਦੇ ਤੋਂ ਦਾਰੂ ਲੈਣ ਦਾ ਆਪਣਾ ਰੰਗ ਹੈ:

ਦਾਦਾ ਦੇ ਦੰਦਾਂ ਦੀ ਦਾਰੂ
ਦਾਦੀ ਦੇ ਦੰਦ ਦੁਖਦੇ

ਕਈ ਵਾਰ ਆਸ਼ਕ ਬਣਿਆਂ ਬਾਹਮਣ ਜੱਟਾਂ ਦੇ ਘਰ ਆ ਵੜਦਾ ਹੈ ਤੇ ਅੱਗੋਂ ਜੱਟੀ ਦਾ ਦਿਉਰ ਉਸ ਦੇ ਮੌਰਾਂ ’ਤੇ ਸਲੰਘੀ ਜੜਕੇ ਉਹਦੀ ਭੁਗਤ ਸੁਆਰਦਾ ਹੈ :

ਧਰਮ ਕੋਟ ਦੀ ਧਰਮੋ ਜੱਟੀ
ਬਾਹਮਣ ਅੰਬਰਸਰ ਦਾ
ਲੇਫ ਤਲਾਈ ਬਾਹਮਣ ਦੀ
ਪਲੰਘ ਜੱਟੀ ਦੇ ਘਰ ਦਾ
ਬਾਹਰੋਂ ਆਇਆ ਦਿਓਰ ਜੱਟੀ ਦਾ
ਸਲੰਘ ਗੰਡਾਸਾ ਫੜਦਾ
ਇਕ ਦੋ ਲੱਗੀਆਂ ਸਲੰਘਾਂ ਬਾਹਮਣ ਦੇ
ਨਠਕੇ ਪੌੜੀਆਂ ਚੜ੍ਹਦਾ
ਮਾਰੀਂ ਨਾ ਦਿਓਰਾ-
ਬਾਹਮਣ ਆਪਣੇ ਘਰ ਦਾ

ਇਸੇ ਭਾਵਨਾ ਨੂੰ ਦਰਸਾਉਂਦਾ ਇਕ ਹੋਰ ਲੋਕ ਗੀਤ ਹੈ :

ਕਿੱਥੋਂ ਤੇ ਬਾਹਮਣ ਵੇ ਆਇਆ
ਕਿੱਥੇ ਕੁ ਪੈਗੀ ਰਾਤ

ਵੇ ਮੇਰੋ ਪਿਓਕਿਆਂ ਦਿਆ ਬਾਹਮਣਾ

ਦੱਖਣ ਤੋਂ ਬੀਬੀ ਨੀ ਆਇਆ
ਪੂਰਬ ਪੈਗੀ ਰਾਤ

ਨੀ ਮੇਰੀ ਰਾਜ ਧਿਆਣੀਏਂ

ਚੌਕਾ ਤਾਂ ਦਵਾਂ ਬ੍ਰਾਹਮਣਾ ਵੇ ਧੌਣਾ
ਭਾਂਡੇ ਮੈਂ ਦੇਵਾਂ ਵੇ ਮੰਜਾ

ਵੇ ਮਰੇ ਪਿਓਕਿਆਂ ਦਿਆ ਬਾਹਮਣਾ

ਪੂਰੀ ਪਕਾਵਾਂ ਬਾਹਮਣਾ ਵੇ ਬੋਲ ਕੇ
ਉੱਤੇ ਨੂੰ ਕਰਦਾਂ ਕੜਾਹ
ਵੇ ਮਰੇ ਪਿਓਕਿਆਂ ਦਿਆ ਬਾਹਮਣਾ

153/ ਪੰਜਾਬੀ ਸਭਿਆਚਾਰ ਦੀ ਆਰਸੀ