ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੱਟਾਂ ਨਾਲ ਦੋਸਤੀ ਨਾ ਪੁਗਦੀ ਕਮੀਣਾਂ ਦੀ ਨੀ
ਖੇਤ ਬੰਨੇ ਬੀਹੀ ਗਲੀ ਵੇਖ ਨੀ ਘੁੰਗਾਰਦਾ
ਮੇਰੇ ਨਾ ਪਸੰਦ ਤੇਰੀ ਗਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ

ਪੰਜਾਬ ਦੇ ਪੇਂਡੂ ਅਰਥਚਾਰੇ ਵਿੱਚ ਬਾਣੀਏਂ ਦੀ ਅਹਿਮ ਭੂਮਿਕਾ ਰਹੀ ਹੈ। ਜਿੱਥੇ ਉਹ ਪਿੰਡ ਵਿੱਚ ਇਕ ਹੱਟ ਬਾਣੀਏਂ ਦੇ ਰੂਪ ਵਿੱਚ ਵਿਚਰਦਾ ਹੈ ਉਥੇ ਉਹ ਸ਼ਾਹੂਕਾਰ ਦੇ ਰੂਪ ਵਿੱਚ ਜੱਟਾਂ ਦੀ ਲੁੱਟ-ਖਸੁੱਟ ਵੀ ਕਰਦਾ ਰਿਹਾ ਹੈ। ਅਨੇਕਾਂ ਲੋਕ ਅਖਾਣ ਅਤੇ ਲੋਕ ਗੀਤ ਬਾਣੀਏਂ ਦੇ ਕਿਰਦਾਰ ਨੂੰ ਪੇਸ਼ ਕਰਦੇ ਹਨ। ਬਾਣੀਏਂ ਦੇ ਮੁਕਾਬਲੇ ਦਾ ਕੋਈ ਹੋਰ ਬਣਜ ਨਹੀਂ ਕਰ ਸਕਦਾ:

ਬਣਜ ਕਰੇਂਦੇ ਬਾਣੀਏਂ

ਹੋਰ ਕਰੇਂਦੇ ਰੀਸ

ਵਿਹਲਾ ਬਾਣੀਆਂ ਕੀ ਕਰੇ

ਏਥੋਂ ਚੁੱਕੇ ਓਥੇ ਧਰੇ

ਜੇ ਖਤਰੀ ਸਿਰ ਘੱਟਾ ਪਾਵੇ
ਤਾਂ ਵੀ ਖੱਟ ਘਰ ਆਵੇ

ਬਾਣੀਆ ਕੰਜੂਸ ਹੁੰਦਾ ਹੈ। ਛੇਤੀ ਕੀਤਿਆਂ ਲੰਗੋਟੀ ਢਿੱਲੀ ਨਹੀਂ ਕਰਦਾ:

ਨਿੰਬੂ ਅੰਬ ਅਰ ਬਾਣੀਆਂ
ਗਲ਼ ਘੁੱਟੇ ਰਸ ਦੇ

ਸੁਭਾਅ ਦਾ ਡਰੂ ਹੈ:

ਬਾਣੀਆ ਹੇਠਾਂ ਪਿਆ ਵੀ ਵੇ
ਉੱਤੇ ਪਿਆ ਵੀ ਰੋਵੇ

ਆਮ ਲੋਕ ਬਾਣੀਏਂ ਤੇ ਵਿਸ਼ਵਾਸ ਨਹੀਂ ਕਰਦੇ:

ਖਤਰੀ ਖੰਡ ਵਲ੍ਹੇਟਿਆ ਮੁਹਰਾ

ਇਸੇ ਕਰਕੇ ਕਿਹਾ ਜਾਂਦਾ ਹੈ:

ਜੀਹਦਾ ਬਾਣੀਆਂ ਯਾਰ
ਉਹਨੂੰ ਦੁਸ਼ਮਣ ਦੀ ਕੀ ਲੋੜ

ਅਨੇਕਾਂ ਲੋਕ ਗੀਤਾਂ ਵਿੱਚ ਬਾਣੀਏਂ ਦਾ ਜ਼ਿਕਰ ਆਉਂਦਾ ਹੈ:

ਯਾਰੀ ਹੱਟੀ ਤੇ ਲਖਾਕੇ ਲਾਈਏ

ਦਗ਼ੇਦਾਰ ਹੋਗੀ ਦੁਨੀਆਂ

ਬਾਣੀਆਂ ਨੇ ਅਤਿ ਚੁੱਕ ਲੀ

ਸਾਰੇ ਜੱਟ ਕਰਜ਼ਾਈ ਕੀਤੇ

ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

151/ਪੰਜਾਬੀ ਸਭਿਆਚਾਰ ਦੀ ਆਰਸੀ