ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੰਞ ਬੰਨ੍ਹਦੀਆਂ ਹਨ। ਜਾਂਵੀਆਂ ਵਿੱਚੋਂ ਕੋਈ ਜਣਾ ਕਬਿਤ ਪੜ੍ਹ ਕੇ ਜੰਞ ਛੁਡਾਉਂਦਾ ਹੈ।

ਤੀਜੇ ਦਿਨ ਖੱਟ ਦੀ ਰਸਮ ਹੁੰਦੀ ਹੈ। ਮੁੰਡੇ ਵਾਲੇ ਵਰੀ ਦਾ ਟਰੰਕ ਕੁੜੀ ਵਾਲਿਆਂ ਦੇ ਘਰ ਦਿਖਾਵੇ ਲਈ ਭੇਜਦੇ ਹਨ। ਕੁੜੀ ਵਾਲੇ ਕੁੜੀ ਨੂੰ ਦਿੱਤਾ ਦਾਜ ਜਾਨੀਆਂ ਨੂੰ ਦਿਖਾਉਂਦੇ ਹਨ।

ਜੰਞ ਚੜ੍ਹਨ ਪਿੱਛੋਂ ਨਾਨਕਾ ਮੇਲ ਖੂਬ ਧਮਾਲ ਪਾਉਂਦਾ ਹੈ। ਰਾਤ ਸਮੇਂ ਸਾਰੇ ਸ਼ਰੀਕੇ ਦੀਆਂ ਔਰਤਾਂ ਕੱਚੀ ਲੱਸੀ ਪੈਰ ਪਾਉਣ ਦੀ ਰਸਮ ਕਰਕੇ ਛੱਜ ਕੁਟਦੀਆਂ ਹਨ ਤੇ ਇਸ ਤੋਂ ਮਗਰੋਂ ਖੂਬ ਫੜੁਹਾ ਪੈਂਦਾ ਹੈ। ਨਾਨਕੀਆਂ ਕਿਧਰੇ ਬੰਬੀਹਾ ਬੁਲਾਉਂਦੀਆਂ ਹਨ ਕਿਧਰੇ ਜਾਗੋ ਕੱਢਦੀਆਂ ਹਨ।

ਵਿਆਹੁਲੀ ਦੇ ਘਰ ਢੁਕਣ ਤੇ ਲਾੜੇ ਦੀ ਮਾਂ ਪਾਣੀ ਵਾਰ ਕੇ ਪੀਂਦੀ ਹੈ।ਮੂੰਹ ਦਖਾਈ ਤੋਂ ਪਿੱਛੋਂ ਗੋਤ ਗਤਾਲਾ ਕੀਤਾ ਜਾਂਦਾ ਹੈ। ਸ਼ਰੀਕੇ ਦੀਆਂ ਔਰਤਾਂ ਅਤੇ ਨਵੀਂ ਬਹੂ ਦੀਆਂ ਦਰਾਣੀਆਂ-ਜਠਾਣੀਆਂ ਇਕੋ ਥਾਲੀ ਵਿੱਚ ਭੋਜਣ ਛਕਦੀਆਂ ਹਨ।

ਅਗਲੀ ਸਵੇਰ ਲਾੜਾ-ਲਾੜੀ ਗਾਨਾ ਖੋਲ੍ਹਣ ਅਤੇ ਕੰਗਣਾ ਖੇਡਣ ਦੀ ਰਸਮ ਕਰਦੇ ਹਨ। ਕਿਧਰੇ ਛਟੀਆਂ ਖੇਡਣ ਦਾ ਵੀ ਰਿਵਾਜ ਹੈ। ਲਾੜਾ-ਲਾੜੀ ਇਕ ਦੂਜੇ ਦੇ ਸੱਤ ਸੱਤ ਛਟੀਆਂ ਮਾਰਦੇ ਹਨ।

ਤੀਜੇ ਦਿਨ ਨਵੀਂ ਬਹੂ ਦਾ ਦਾਜ ਦਿਖਾਇਆ ਜਾਂਦਾ ਹੈ। ਬਹੂ ਦੀ ਛੋਟੀ ਨਨਾਣ ਪੇਟੀ ਖੋਲ੍ਹਦੀ ਹੈ ਤੇ ਪੇਟੀ ਖੁਲ੍ਹਾਈ ਦਾ ਮਨਭਾਉਂਦਾ ਸੂਟ ਲੈਂਦੀ ਹੈ।

ਵਿਆਹ ਦੀਆਂ ਉਪਰੋਕਤ ਰਸਮਾਂ ਖ਼ਤਮ ਹੋ ਰਹੀਆਂ ਹਨ। ਤਿੰਨ ਦਿਨਾਂ ਦੀ ਥਾਂ ਹੁਣ ਇਕੋ ਦਿਨ ਵਿੱਚ ਰਸਮਾਂ ਮੁੱਕ ਜਾਂਦੀਆਂ ਹਨ। ਪ੍ਰੇਮ ਵਿਆਹ ਦੀ ਸੂਰਤ ਵਿੱਚ ਤਾਂ ਮੁੰਡਾ-ਕੁੜੀ ਸਿੱਧੇ ਕਚਹਿਰੀ ਜਾ ਕੇ ਆਪਣਾ ਕਾਜ ਰਚਾ ਲੈਂਦੇ ਹਨ।

ਅੱਜਕਲ੍ਹ ਦੇ ਵਿਆਹਾਂ ਸਮੇਂ ਕੀਤੇ ਜਾਂਦੇ ਦਿਖਾਵੇ ਦੇ ਖ਼ਰਚਾਂ, ਲੈਣ-ਦੇਣ, ਪੰਡਾਲਾਂ ਦੀ ਚਮਕ-ਦਮਕ ਅਤੇ ਰੌਸ਼ਨੀਆਂ ਦੇ ਜਲੌ ਅਤੇ ਸੁਆਗਤ ਪਾਰਟੀਆਂ ਦੇ ਰਿਵਾਜਾਂ ਨੇ ਸਾਧਾਰਨ ਵਸੀਲਿਆਂ ਵਾਲੇ ਧੀਆਂ ਦੇ ਮਾਪਿਆਂ ਲਈ ਢੇਰ ਸਾਰੀਆਂ ਚਿੰਤਾਵਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਚਾਹੀਦਾ ਤਾਂ ਇਹ ਹੈ ਕਿ ਪੁਰਾਣੀਆਂ ਰਸਮਾਂ ਵਾਂਗ ਹੁਣ ਵੀ ਵਿਆਹ ਸਾਦੇ ਢੰਗ ਨਾਲ ਹੀ ਰਚਾਏ ਜਾਣ।

ਗ਼ਮੀ-ਖੁਸ਼ੀ ਜੀਵਨ ਦੇ ਅਤਿ ਜੁੜਵੇਂ ਅੰਗ ਹਨ। ਮਰਨ ਸਮੇਂ ਵੀ ਕਈ ਰੀਤਾਂ ਕੀਤੀਆਂ ਜਾਂਦੀਆਂ ਹਨ। ਪਿੰਡ ਭਰਾਉਣਾ, ਕਪਾਲ ਕਿਰਿਆ ਅਤੇ ਫੁੱਲ ਚੁਗਣ ਦੀਆਂ ਆਮ ਰਸਮਾਂ ਆਦਿ।ਸਿਆਪਾ ਮਰਨੇ ਦੀ ਇਕ ਵਿਸ਼ੇਸ਼ ਰਸਮ ਹੈ। ਮਰਗ ਵਾਲੇ ਘਰ ਫੂਹੜੀ ਵਿਛ ਜਾਂਦੀ ਹੈ। ਅੰਗਾਂ ਵਾਕਾਂ ਤੋਂ ਮਕਾਣਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹ ਵੈਣ ਪਾਉਂਦੀਆਂ ਆਉਂਦੀਆਂ ਹਨ, ਵੈਣ ਦਿਲ ਚੀਰਵੇਂ ਹੁੰਦੇ ਹਨ। ਮਰਾਸਣ ਸਿਆਪੇ ਦੀ ਅਗਵਾਈ ਕਰਦੀ ਹੈ। ਸਾਰੀਆਂ ਤਾਲ ਨਾਲ ਮੱਥਾ, ਛਾਤੀਆਂ ਅਤੇ ਪੱਟਾਂ ਨੂੰ ਪਿਟਦੀਆਂ ਹਨ। ਕੀ ਮਜਾਲ ਕੋਈ ਤਾਲੋਂ ਖੁੰਝ ਜਾਵੇ।

ਮਰਾਸਣਾਂ ਦੇ ਪਾਕਿਸਤਾਨ ਚਲੇ ਜਾਣ ਕਾਰਨ ਸਿਆਪੇ ਦੀ ਰਸਮ ਸਮਾਪਤ ਹੋ ਰਹੀ ਹੈ। ਉਪਰੋਕਤ ਰਸਮਾਂ ਤੋਂ ਉਪਰੰਤ ਕਰੂਏ ਦੇ ਵਰਤੇ, ਲੋਹੜੀ, ਦੀਵਾਲੀ, ਤੀਆਂ ਨੂੰ ਕਈ ਰਸਮਾਂ ਕੀਤੀਆਂ ਜਾਂਦੀਆਂ ਹਨ। ਨਵਾਂ ਖੂਹ ਲਵਾਉਣ, ਨਵਾਂ ਕਮਾਦ ਬੀਜਣ ਅਤੇ ਕਪਾਹ ਚੁਗਣ ਦੀਆਂ ਆਪਣੀਆਂ ਰਸਮਾਂ ਹਨ।

147/ਪੰਜਾਬੀ ਸਭਿਆਚਾਰ ਦੀ ਆਰਸੀ