ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ ਤੇ ਕੁੜੀ ਵਾਲਿਆਂ ਦੇ ਘਰ ਮਠਿਆਈ ਆਦਿ ਪਕਾਉਣ ਲਈ ਭੱਠੀ ਚੜ੍ਹਦੀ ਹੈ। ਇਸ ਅਵਸਰ 'ਤੇ ਸ਼ਰੀਕੇ ਦੇ ਹਰ ਘਰੋਂ ਇਕ ਇਕ ਬੰਦਾ ਪੁੱਜਦਾ ਹੈ ਤੇ ਉਹਨਾਂ ਨਾਲ ਲੋੜੀਂਦਾ ਕੰਮ ਕਰਾਉਂਦਾ ਹੈ। ਸ਼ਰੀਕੇ ਦੀਆਂ ਤੀਵੀਆਂ ਤੇ ਮੁਟਿਆਰਾਂ ਪੀਹਣ ਛੱਟਣ ਅਤੇ ਦਾਲ ਆਦਿ ਚੁਗਣ ਵਿੱਚ ਹੱਥ ਵਟਾਉਂਦੀਆਂ ਹਨ। ਦੂਜੇ ਕੰਮਾਂ ਕਾਰਾਂ ਲਈ ਵੀ ਕਾਰਜ ਵਾਲਿਆਂ ਦੀ ਮਦਦ ਕੀਤੀ ਜਾਂਦੀ ਹੈ ਤਾਂ ਜੋ ਉਹ ਕਾਰਜ ਸੌਖ ਨਾਲ ਤੇ ਬੇ ਫਿਕਰ ਹੋ ਕੇ ਕਰ ਸਕਣ। ਜੰਞ ਚੜ੍ਹਨ ਤੋਂ ਇਕ ਦੋ ਦਿਨ ਪਹਿਲਾਂ ਅੰਗ ਸਾਕ ਆਉਣੇ ਸ਼ੁਰੂ ਹੋ ਜਾਂਦੇ ਹਨ।

ਇਸ ਅਵਸਰ ’ਤੇ ਨਾਨਕਿਆਂ ਦੇ ਮੇਲ ਦੀ ਵਿਸ਼ੇਸ਼ ਤੌਰ 'ਤੇ ਉਡੀਕ ਕੀਤੀ ਜਾਂਦੀ ਹੈ। ਵਿਆਹ ਵਿੱਚ ਨਾਨਕਿਆਂ ਨੇ ਛਕ ਪੂਰਨੀ ਹੁੰਦੀ ਹੈ। ਨਾਨਕਾ ਮੇਲ ਪਿੰਡੋਂ ਬਾਹਰ ਬੈਠ ਜਾਂਦਾ ਹੈ। ਘਰ ਸੂਚਨਾ ਪੁੱਜਣ ਤੇ ਸ਼ਰੀਕੇ ਦੀਆਂ ਤੀਵੀਆਂ ਇਕੱਠੀਆਂ ਹੋ ਕੇ ਉਹਨਾਂ ਨੂੰ ਘਰ ਲਿਆਉਣ ਲਈ ਜਾਂਦੀਆਂ ਹਨ। ਇਸ ਸਮੇਂ ਨਾਨਕੀਆਂ-ਦਾਦਕੀਆਂ ਇਕ-ਦੂਜੇ ਨੂੰ ਸਿੱਠਣੀਆਂ ਦੇਂਦੀਆਂ ਹਨ।

ਇਸੇ ਦਿਨ ਨਾਈ ਧੋਈ ਦੀ ਰਸਮ ਕੀਤੀ ਜਾਂਦੀ ਹੈ। ਵਟਣਾ ਮਲਣ ਪਿੱਛੋਂ ਮੁੰਡੇ ਕੁੜੀ ਨੂੰ ਨੁਹਾਇਆ ਜਾਂਦਾ ਹੈ। ਚੌਕੀ ਉੱਤੋਂ ਮਾਮਾ ਮੁੰਡੇ-ਕੁੜੀ ਨੂੰ ਗੋਦੀ ਚੁੱਕ ਕੇ ਥੱਲ੍ਹੇ ਲਾਹੁੰਦਾ ਹੈ। ਚੌਕੀ ਦੇ ਕੋਲ ਠੂਠੀਆਂ ਪਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਮਾ ਅੱਡੀ ਮਾਰ ਕੇ ਭੰਨਦਾ ਹੈ। ਨਾਇਣ ਨੂੰ ਕੁੜੀ ਦੇ ਕੱਪੜੇ ਦਿੱਤੇ ਜਾਂਦੇ ਹਨ ਤੇ ਘੁਮਾਰੀ ਨੂੰ ਮੁੰਡਾ ਇਕ ਰੁਪਿਆ ਦੇਂਦਾ ਹੈ। ਇਸ ਮਗਰੋਂ ਮਾਮਾ ਤਿਲੜੀਆਂ ਰਸੀਆਂ ਨਾਲ ਠੂਠੀਆਂ ਬੰਨ੍ਹ ਕੇ ਛੱਤ ਦੀਆਂ ਕੁੜੀਆਂ ਨਾਲ਼ ਲਮਕਾ ਦੇਂਦਾ ਹੈ। ਇਸ ਰਸਮ ਨੂੰ ਸੈਂਤ ਕਰਾਉਣਾ ਆਖਦੇ ਹਨ।

ਜੰਞ ਚੜ੍ਹਨ ਤੋਂ ਇਕ ਦਿਨ ਪਹਿਲਾਂ ਸ਼ਰੀਕਾ ਅਤੇ ਅੰਗ-ਸਾਕ ਨਿਉਂਦਾ ਪਾਉਂਦੇ ਹਨ। ਨਿਉਂਦਾ ਵਹੀ ਉੱਤੇ ਦਰਜ ਕੀਤਾ ਜਾਂਦਾ ਹੈ। ਕੁੜੀ ਵਾਲਿਆਂ ਦੇ ਘਰ ਵਿੱਚ ਇਹ ਰਸਮ ਜੰਞ ਵਿਦਾ ਹੋਣ ਮਗਰੋਂ ਹੁੰਦੀ ਹੈ। ਇਸ ਸਮੇਂ ਸਾਰੇ ਹੀ ਆਪਣੇ ਵੱਲੋਂ ਕੋਈ ਗਿਆਰ੍ਹਾਂ, ਕੋਈ ਇੱਕੀ ਰੁਪਏ ਆਪਣੀ ਪੁਜਤ ਅਨੁਸਾਰ ਪਾਉਂਦੇ ਹਨ। ਨਿਉਂਦੇ ਦੇ ਰੂਪ ਵਿੱਚ ਕਾਰਜ ਵਾਲਿਆਂ ਦੀ ਵਿਤੀ ਸਹਾਇਤਾ ਹੋ ਜਾਂਦੀ ਹੈ। ਅੱਜਕਲ੍ਹ ਇਹ ਰਸਮ ਵੀ ਮੁੰਡੇ-ਕੁੜੀ ਨੂੰ ਸੁਗਾਤਾਂ ਭੇਟ ਕਰਨ ਦੇ ਰੂਪ ਵਿੱਚ ਕੀਤੀ ਜਾਂਦੀ ਹੈ।

ਜੰਞ ਚੜ੍ਹਨ ਸਮੇਂ ਭੈਣਾਂ ਲਾੜੇ ਦੇ ਸਿਹਰੇ ਗੁੰਦਦੀਆਂ ਹਨ ਅਤੇ ਘੋੜੀ ਦੀ ਵਾਗ ਫੜਦੀਆਂ ਹਨ। ਭਾਬੀਆਂ ਸੁਰਮਾਂ ਪਾਉਣ ਦੀ ਰਸਮ ਕਰਦੀਆਂ ਹਨ।

ਪਹਿਲੀ ਸਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ

ਕੁੜੀ ਵਾਲੇ ਪਿੰਡੋਂ ਬਾਹਰ ਜੰਞ ਦਾ ਸੁਆਗਤ ਕਰਦੇ ਹਨ। ਮੁੰਡੇ ਵਾਲੇ ਪੈਸਿਆਂ ਦਾ ਢਕਾ ਕਰਦੇ ਹਨ। ਡੇਰੇ ਜਾ ਕੇ ਪਹਿਲਾਂ ਕੁੜਮਾਂ ਦੀ ਮਿਲਣੀ ਹੁੰਦੀ ਹੈ। ਫਿਰ ਮਾਮੇ ਆਪਸੀ ਵਿੱਚ ਜੱਫੀ ਪਾ ਕੇ ਮਿਲਦੇ ਹਨ।

ਰਾਤ ਦੀ ਰੋਟੀ ਸਮੇਂ ਮੁੰਡੇ ਦਾ ਬਾਪ ਵਿਆਹ ਵਾਲੀ ਕੁੜੀ ਲਈ ਪੱਤਲ ਭੇਜਦਾ ਹੈ। ਗੱਭਲੀ ਰੋਟੀ ਤੇ ਜਾਂਞੀ ਆਪਣੀ ਪੂਰੀ ਟੋਹਰ ਕੱਢ ਕੇ ਜਾਂਦੇ ਹਨ। ਇਸੇ ਰੋਟੀ ਤੇ ਕੁੜੀਆਂ

146/ਪੰਜਾਬੀ ਸਭਿਆਚਾਰ ਦੀ ਆਰਸੀ