ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਨੂੰ ਜਾ ਸੁਣਾਈ। ਦੁੱਲੇ ਨੇ ਆਖਿਆ, “ਤੂੰ ਕੋਈ ਫ਼ਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਹਨ। ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀਂ ਆਪ ਕਰਾਂਗਾ-ਤੂੰ ਨਿਸ਼ਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾਹ।"

ਦੁੱਲੇ ਨੇ ਕੁੜੀਆਂ ਦੇ ਬਾਪ ਤੇ ਸਹੁਰੇ ਦਾ ਥਹੁ ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।

ਲੋਹੜੀ ਦੇ ਤਿਉਹਾਰ ਨਾਲ ਮਨੁੱਖ ਦੀ ਆਪਣੀ ਵੰਸ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਤਿਉਹਾਰ ਨਵੇਂ ਵਿਆਹੇ ਜੋੜਿਆਂ ਅਤੇ ਨਵ-ਜਨਮੇ ਮੁੰਡਿਆਂ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਮੁੰਡਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ ਖੁਸ਼ੀ ਸਾਰੇ ਪਿੰਡ ਲਈ ਸਾਂਝੀ ਹੁੰਦੀ ਹੈ। ਇਸ ਦਿਨ ਸਾਰੇ ਰਲ਼ ਕੇ ਨਵ-ਜਨਮੇ ਮੁੰਡੇ ਦੇ ਘਰੋਂ ਵਧਾਈਆਂ ਦਾ ਗੁੜ ਮੰਗ ਕੇ ਲਿਆਉਂਦੇ ਹਨ। ਲੋਹੜੀ ਮੰਗਦੇ ਸਮੇਂ ਕਾਮਨਾ ਕੀਤੀ ਜਾਂਦੀ ਹੈ:-

ਉਖ਼ਲੀ ’ਚ ਪਰਾਲੀ
ਤੇਰੇ ਆਉਣ ਬਹੂਆਂ ਚਾਲੀ
ਸਾਡੀ ਲੋਹੜੀ ਮਨਾ ਦੋ
ਉਖਲੀ ’ਚ ਪਾਥੀ
ਤੇਰਾ ਪੁੱਤਰ ਚੜ੍ਹੇ ਹਾਥੀ
ਸਾਡੀ ਲੋਹੜੀ ਮਨਾ ਦੋ
ਕੋਠੀ ਹੇਠ ਡੱਕਾ
ਥੋਨੂੰ ਰਾਮ ਦੇਊਗਾ ਬੱਚਾ
ਸਾਡੀ ਲੋਹੜੀ ਮਨਾ ਦੋ

ਭੈਣਾਂ ਨੂੰ ਵੀਰੇ ਦੇ ਵਿਆਹੇ ਜਾਣ ਤੇ ਤਭੀਜੇ ਦੇ ਜੰਮਣ ਦਾ ਚਾਅ ਹੁੰਦਾ ਹੈ।ਉਹ ਗੁੜ ਮੁੰਗਦੀਆਂ ਹੋਈਆਂ ਪ੍ਰਾਰਥਨਾ ਕਰਦੀਆਂ ਹਨ:-

ਆ ਵੀਰਾ ਤੂੰ ਜਾਹ ਵੀਰਾ
ਵੰਨੀ ਨੂੰ ਲਿਆ ਵੀਰਾ
ਵੰਨੀ ਤੇਰੀ ਹਰੀ ਭਰੀ

119/ਪੰਜਾਬੀ ਸਭਿਆਚਾਰ ਦੀ ਆਰਸੀ