ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ੁਸ਼ੀਆਂ ਦਾ ਤਿਉਹਾਰ-ਲੋਹੜੀ

ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਪੇਂਡੂ ਜੀਵਨ ਵਿੱਚ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ। ਇਹ ਤਿਉਹਾਰ 1947 ਈ. ਤੋਂ ਬਾਅਦ ਪੰਜਾਬ ਦਾ ਨਾ ਹੋ ਕੇ ਸਾਰੇ ਭਾਰਤ ਦਾ ਹੀ ਬਣ ਗਿਆ ਹੈ। ਦੇਸ਼ ਦੀ ਵੰਡ ਕਾਰਨ ਪੰਜਾਬੀ ਭਾਰਤ ਦੇ ਵੱਖਰੇ-ਵੱਖਰੇ ਖੇਤਰਾਂ ਵਿੱਚ ਜਾ ਵਸੇ ਹਨ। ਜਿੱਥੇ ਵੀ ਉਹ ਰਹਿੰਦੇ ਹਨ, ਲੋਹੜੀ ਨੂੰ ਬੜੇ ਚਾਅ ਤੇ ਮਲ੍ਹਾਰ ਨਾਲ ਮਨਾਉਂਦੇ ਹਨ।

ਲੋਹੜੀ ਦਾ ਤਿਉਹਾਰ ਮਨਾਉਣ ਸਬੰਧੀ ਕਈ ਵੈਦਿਕ ਪਰੰਪਰਾਵਾਂ, ਪੌਰਾਣਿਕ ਮਾਨਤਾਵਾਂ ਅਤੇ ਲੌਕਿਕ ਧਾਰਨਾਵਾਂ ਪ੍ਰਚੱਲਤ ਹਨ।

ਕਿਹਾ ਜਾਂਦਾ ਹੈ ਕਿ ਹੋਲਿਕਾ ਅਤੇ ਲੋਹੜੀ ਹਰਨਾਕਸ਼ ਦੀਆਂ ਦੋ ਭੈਣਾਂ ਸਨ। ਇਹਨਾਂ ਭੈਣਾਂ ਨੂੰ ਇਹ ਵਰ ਪ੍ਰਾਪਤ ਸੀ ਕਿ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਸੀ। ਉਹ ਰੱਬ ਦਾ ਭਗਤ ਸੀ। ਉਹ ਆਪਣੇ ਪਿਤਾ ਹਰਨਾਕਸ਼ ਦੀ ਥਾਂ ਈਸ਼ਵਰ ਦੀ ਪੂਜਾ ਕਰਿਆ ਕਰਦਾ ਸੀ। ਜਿਸ ਕਰਕੇ ਹਰਨਾਕਸ਼ ਉਸ ਨੂੰ ਘਿਣਾ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ। ਹਰਨਾਕਸ਼ ਨੇ ਹੋਲਕਾ ਨੂੰ ਕਿਹਾ ਕਿ ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਜਲਦੀ ਹੋਈ ਚਿਖਾ ਵਿੱਚ ਬੈਠ ਜਾਵੇ। ਉਹ ਜਲਦੀ ਹੋਈ ਚਿਖਾ ਵਿੱਚ ਬੈਠ ਗਈ।ਉਹ ਆਪ ਤਾਂ ਜਲ ਗਈ ਪਰੰਤੂ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਇਸ ਮਗਰੋਂ ਹਰਨਾਕਸ਼ ਨੇ ਲੋਹੜੀ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ। ਉਹ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਚਿਖਾ ਵਿੱਚ ਜਾ ਬੈਠੀ ਪਰੰਤੂ ਲੋਹੜੀ ਆਪ ਜਲ ਗਈ ਤੇ ਪ੍ਰਹਿਲਾਦ ਬਚ ਗਿਆ। ਉਦੋਂ ਤੋਂ ਸਾਰੇ ਲੋਕ ਆਪਣੀ ਲੰਮੇਰੀ ਉਮਰ ਦੀ ਕਾਮਨਾ ਕਰਨ ਲਈ ਲੋਹੜੀ ਬਾਲਣ ਲੱਗੇ ਤਾਂ ਜੋ ਉਹਨਾਂ ਸਾਰਿਆਂ ਦੀ ਉਮਰ ਪ੍ਰਹਿਲਾਦ ਵਾਂਗ ਲੰਬੀ ਹੋਵੇ। ਇਸ ਦਿਨ ਭੈਣਾਂ ਆਪਣੇ ਭਰਾਵਾਂ ਲਈ ਤੇ ਮਾਪੇ ਆਪਣੇ ਬੱਚਿਆਂ ਲਈ ਉਮਰ ਲੰਮੇਰੀ ਹੋਣ ਲਈ ਪ੍ਰਾਰਥਨਾਵਾਂ ਕਰਦੇ ਹਨ।

ਕਈ ਕਹਿੰਦੇ ਹਨ ਕਿ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ ਸਬੰਧ ਰੱਖਦੀ ਹੈ ਜਿਸ ਨੇ ਇਕ ਭੈੜੇ ਦੈਂਤ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ। ਤਦ ਤੋਂ ਲੋਕੀ ਉਹਦੀ ਯਾਦ ਨੂੰ ਸੁਲਗਾ ਸੁਲਗਾ ਕੇ ਯਾਦ ਕਰਦੇ ਹਨ।

ਪੰਜਾਬ ਵਿੱਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ‘ਸੁੰਦਰ ਮੁੰਦਰੀਏ' ਨਾਂ ਦਾ ਇਕ ਲੋਕ ਗੀਤ ਬੜਾ ਪ੍ਰਸਿੱਧ ਹੈ ਜੇ ਲੋਹੜੀ ਦੇ ਪਿਛੋਕੜ ਨਾਲ ਜੁੜੀ ਇਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਮਕ ਡਾਕੂ ਨਾਲ ਸਬੰਧ ਰੱਖਦੀ ਹੈ।

117/ਪੰਜਾਬੀ ਸਭਿਆਚਾਰ ਦੀ ਆਰਸੀ