ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਿੰਦੇ ਹਨ ਰਾਜਾ ਜਗਦੇਵ ਨੇ ਉਸੇ ਸਮੇਂ ਆਪਣਾ ਸਿਰ ਕੱਟ ਕੇ ਕਾਲੀ ਭੱਟਣੀ ਨੂੰ ਭੇਂਟ ਕਰ ਦਿੱਤਾ ਅਤੇ ਭੱਟਣੀ ਇਹ ਸਿਰ ਲੈ ਕੇ ਮੈਨ ਪਾਲ ਦੇ ਦਰਬਾਰ ਵਿੱਚ ਜਾ ਹਾਜ਼ਰ ਹੋਈ ਤੇ ਉਸ ਨੂੰ ਆਪਣਾ ਬਚਨ ਪੂਰਾ ਕਰਨ ਲਈ ਕਿਹਾ। ਮੈਨ ਪਾਲ ਜਗਦੇਵ ਦਾ ਸਿਰ ਦੇਖ ਕੇ ਪੂਣੀ ਵਾਂਗ ਬੱਗਾ ਹੋ ਗਿਆ। ਉਹਨੇ ਆਪਣਾ ਬਚਨ ਤਾਂ ਕੀ ਪੂਰਾ ਕਰਨਾ ਸੀ ਉਹ ਇੰਨਾਂ ਸ਼ਰਮਸਾਰ ਹੋਇਆ ਕਿ ਮੁੜ ਕੇ ਦਰਬਾਰ ਵਿੱਚ ਹੀ ਨਾ ਆਇਆ।

ਭੱਟਣੀ ਮੁੜ ਜਗਦੇਵ ਦੇ ਡੇਰੇ ਪੁੱਜੀ ਤੇ ਜਗਦੇਵ ਦੀ ਧੜ ਨਾਲ ਉਸ ਦਾ ਸਿਰ ਜੋੜ ਕੇ ਉਸ ਨੂੰ ਮੁੜ ਸੁਰਜੀਤ ਕਰ ਦਿੱਤਾ ਪਰੰਤੂ ਜਗਦੇਵ ਨੇ ਇਹ ਆਖ ਕੇ ‘ਮਰਦ ਦਿੱਤਾ ਹੋਇਆ ਦਾਨੇ ਵਾਪਸ ਨਹੀਂ ਲੈਂਦੇ', ਆਪਣਾ ਸਿਰ ਦੁਬਾਰਾ ਕੱਟ ਦਿੱਤਾ। ਇਸ ’ਤੇ ਕਾਲੀ ਭੱਟਣੀ ਨੇ ਆਪਣੀ ਸ਼ਕਤੀ ਨਾਲ ਦੁਬਾਰਾ ਜਗਦੇਵ ਦੀ ਧੜ ਵਿੱਚੋਂ ਹੀ ਨਵੀਂ ਮੌਲ-ਸਿਰੀ ਪੈਦਾ ਕਰ ਦਿੱਤੀ। ਇਸ ਘਟਨਾ ਦਾ ਰਾਜਾ ਜਗਦੇਵ ਉੱਤੇ ਇੰਨਾ ਪ੍ਰਭਾਵ ਪਿਆ ਕਿ ਉਹ ਕਾਲੀ ਭੱਟਣੀ ਦਾ ਮੁਰੀਦ ਬਣ ਕੇ ਜਰਗ ਪਿੰਡ ਦੇ ਹੁਣ ਵਾਲੇ ਸਥਾਨ 'ਤੇ ਜਿੱਥੇ ਪਹਿਲੋਂ ਜੰਗਲ ਹੀ ਜੰਗਲ ਸਨ ਮੋੜ੍ਹੀ ਗੱਡ ਕੇ ਵਸਣ ਲੱਗ ਪਿਆ।

ਉਪਰੋਕਤ ਕਥਾ ਦਾ ਜਰਗ ਦੇ ਮੇਲੇ ਨਾਲ ਸਿੱਧਾ ਕੋਈ ਸੰਬੰਧ ਨਹੀਂ। ਇਸ ਮੇਲੇ ਦਾ ਸੰਬੰਧ ਤਾਂ ਮਾਤਾ ਰਾਣੀ ਨਾਲ ਹੈ। ਇਹ ਮੇਲਾ ਚੇਤ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਹੈ। ਇਸ ਨੂੰ ਬਾਸੜੀਏ ਅਥਵਾ ਬਾਹੀੜਿਆਂ ਦਾ ਮੇਲਾ ਵੀ ਆਖਦੇ ਹਨ। ਮੰਗਲਵਾਰ ਦੀ ਸਵੇਰ ਤੋਂ ਇਕ ਦਿਨ ਪਹਿਲਾਂ ਸੋਮਵਾਰ ਦੀ ਸ਼ਾਮ ਨੂੰ ਗੁਲਗੁਲੇ ਪਕਾਏ ਜਾਂਦੇ ਹਨ, ਰਾਤੀਂ ਸੁੱਚੇ ਰੱਖ ਕੇ ਦੂਜੇ ਦਿਨ ਬੇਹੇ ਹੋ ਜਾਣ ਤੇ ਮਾਤਾ ਰਾਣੀ ਦੀ ਪੂਜਾ ਕਰਨ ਮਗਰੋਂ ਗਧਿਆਂ ਨੂੰ ਖੁਆ ਕੇ ਖਾਧੇ ਜਾਂਦੇ ਹਨ।

ਪੇਂਡੂ ਸੁਆਣੀਆਂ ਚੇਚਕ ਨੂੰ ਮਾਤਾ ਰਾਣੀ ਅਥਵਾ ਸੀਤਲਾ ਦੇਵੀ ਆਖਦੀਆਂ ਹਨ। ਚੇਚਕ ਦੇ ਰੋਗੀ ਦਾ ਡਾਕਟਰੀ ਇਲਾਜ ਕਰਵਾਉਣਾ ਵਰਜਿਤ ਹੈ ਨਹੀਂ ਤਾਂ ਮਾਤਾ ਰਾਣੀ ਗੁੱਸੇ ਹੋ ਜਾਵੇਗੀ। ਇਸ ਰੋਗ ਦਾ ਇਲਾਜ ਝਿਉਰ ਪਾਣੀ ਕਰਕੇ ਕਈ ਇਕ ਟੂਣੇ ਟਾਮਣਾਂ ਨਾਲ ਕਰਦੇ ਹਨ। ਰੋਗੀ ਦੀ ਜਾਨ ਦੀ ਸੁਖ ਲਈ ਮਾਤਾ ਰਾਣੀ ਦੇ ਥੰਮ ਸੁੱਖੇ ਜਾਂਦੇ ਹਨ। ਗੁਲਗੁਲੇ ਕਚੌਰੀਆਂ ਨੂੰ ਮਾਤਾ ਦੇ ਥੰਮ ਆਖਿਆ ਜਾਂਦਾ ਹੈ।

ਜਿਸ ਘਰ ਦੇ ਕਿਸੇ ਜੀ ਦੇ ਚੇਚਕ ਨਿਕਲੀ ਹੋਵੇ ਉਸ ਵੱਲੋਂ ਇਸ ਦਿਨ ਮਾਤਾ ਰਾਣੀ ਦੀ ਸੁਖਣਾ ਚੜ੍ਹਾਉਣ ਦੀ ਪੱਕੀ ਪਿਰਤ ਹੈ, ਜਿਸ ਘਰ ਮਾਤਾ ਨਾ ਵੀ ਨਿਕਲੀ ਹੋਵੇ ਉਹ ਮਾਤਾ ਨੂੰ ਖ਼ੁਸ਼ ਕਰਨ ਲਈ ਉਸ ਦੀ ਪੂਜਾ ਕਰਦੇ ਹਨ ਤਾਂ ਜੋ ਉਹ ਉਹਨਾਂ ਦੇ ਕਿਸੇ ਜੀ ਦੇ ਨਾ ਨਿਕਲੇ। ਚੇਤ ਦੇ ਜੇਠੇ ਮੰਗਲ ਨੂੰ ਮਾਲਵੇ ਖ਼ਾਸ ਕਰਕੇ ਪੁਆਧ ਦੇ ਹਰ ਪਿੰਡ ਵਿੱਚ ਮਾਤਾ ਰਾਣੀ ਦੀ ਪੂਜਾ ਕੀਤੀ ਜਾਂਦੀ ਹੈ। ਜਰਗ ਦੇ ਮੇਲੇ 'ਤੇ ਜਾ ਕੇ ਸੁੱਖਾਂ ਲਾਹੁਣ ਅਤੇ ਮਿੱਟੀ ਕੱਢਣ ਦਾ ਵਧੇਰੇ ਮਹਾਤਮ ਸਮਝਿਆ ਜਾਂਦਾ ਹੈ।

ਮਾਤਾ ਭਗਤਾਂ ਦੇ ਵਿਸ਼ਵਾਸ ਅਨੁਸਾਰ ਮਾਤਾ ਰਾਣੀ ਹੋਰੀਂ ਸੱਤ ਭੈਣਾਂ ਹਨ। ਇਹ ਸੱਤੇ ਮਛੰਦਰ ਨਾਥ ਦੀਆਂ ਚੇਲੀਆਂ ਹਨ। ਇਹ ਗਧਿਆਂ ਦੀ ਸਵਾਰੀ ਕਰਦੀਆਂ ਹਨ ਅਤੇ ਪਿਡੋ-ਪਿੰਡ ਫਿਰ ਕੇ ਹਰ ਜੀ ਨੂੰ ਦੇਖਦੀਆਂ ਰਹਿੰਦੀਆਂ ਹਨ ਜਿਸ ’ਤੇ ਇਹਨਾਂ ਦੀ ਦਿਆਲਤਾ ਹੋ ਜਾਵੇ ਉਸ ਨੂੰ ਨਿਕਲ ਆਉਂਦੀਆਂ ਹਨ।

ਜਰਗ ਵਿੱਚ ਤਿੰਨ ਭੈਣਾਂ-ਬਸੰਤੀ, ਸੀਤਲਾ ਅਤੇ ਮਸਾਣੀ ਦੇ ਕੱਠੇ ਮੰਦਰ ਹਨ, ਜਿਨ੍ਹਾਂ ਨੂੰ ਮਾਤਾ ਦੇ ਥਾਨ ਆਖਦੇ ਹਨ। ਇਹਨਾਂ ਥਾਨਾਂ ਉੱਤੇ ਹੀ ਜਰਗ ਦਾ ਮੇਲਾ ਲੱਗਦਾ

109/ਪੰਜਾਬੀ ਸਭਿਆਚਾਰ ਦੀ ਆਰਸੀ