ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੋਲੀਆਂ ਦੀ ਗੱਡੀ ਲੱਦ ਦਿਆਂ
ਜੀਹਨੂੰ ਇੰਜਣ ਲੱਗੇ ਸਰਕਾਰੀ
ਨਿਮ ਕੇ ਚੱਕ ਪੱਠਿਆ-
ਗੇਂਦ ਘੂੰਗਰੂਆਂ ਵਾਲ਼ੀ

ਲੋਕ ਵਿਸ਼ਵਾਸ ਅਨੁਸਾਰ ਜਿਹੜਾ ਵਿਅਕਤੀ ਮੋਹਕਮ ਦੀਨ ਦੀ ਦਰਗਾਹ ਤੇ ਸੁਖ ਸੁਖਦਾ ਹੈ ਉਸ ਦੀ ਹਰ ਕਾਮਨਾ ਪੂਰੀ ਹੋ ਜਾਂਦੀ ਹੈ। ਮੇਲੇ ਵਾਲ਼ੇ ਦਿਨ ਸ਼ਰਧਾਲੂ ਉਸ ਦੀ ਖ਼ਾਨਗਾਹ 'ਤੇ ਚਰਾਗ਼ ਜਲਾਉਂਦੇ ਹਨ। 13 ਫੱਗਣ ਦੀ ਰਾਤ ਨੂੰ ਚੌਂਕੀਆਂ ਭਰੀਆਂ ਜਾਂਦੀਆਂ ਹਨ। ਹਜ਼ਾਰਾਂ ਚਰਾਗ਼ ਬਲਦੇ ਹਨ। ਇਸੇ ਕਰਕੇ ਇਸ ਮੇਲੇ ਦਾ ਨਾਂ ਰੌਸ਼ਨੀ ਦਾ ਮੇਲਾ ਪਿਆ ਹੈ। ਖ਼ਾਨਗਾਹ ਦੇ ਵਿਹੜੇ ਵਿੱਚ ਕਵਾਲੀਆਂ ਦੀਆਂ ਮਹਿਫ਼ਲਾਂ ਜੁੜਦੀਆਂ ਹਨ। ਬੜੀ ਦੂਰੋਂ-ਦੂਰੋਂ ਕੱਵਾਲ ਇਸ ਵਿੱਚ ਸ਼ਾਮਲ ਹੁੰਦੇ ਹਨ।

ਮੋਹਕਮ ਦੀਨ ਦੀ ਕਬਰ ਉੱਤੇ ਸ਼ਰਧਾਲੂ ਨਿਆਜ਼ ਚੜ੍ਹਾਉਂਦੇ ਹਨ। ਜਿਨ੍ਹਾਂ ਦੇ ਮੌਹਕੇ ਸੁੱਖੇ ਹੁੰਦੇ ਹਨ ਉਹ ਲੂਣ ਅਤੇ ਝਾੜੂ ਚੜ੍ਹਾਉਂਦੇ ਹਨ।ਕਈ ਪਤਾਸਿਆਂ ਦਾ ਪ੍ਰਸ਼ਾਦਿ ਚੜ੍ਹਾਉਂਦੇ ਹਨ। ਕਈ ਕੱਪੜੇ। ਮੇਲੇ 'ਤੇ ਲੋਕੀਂ ਨਵੀਆਂ ਸੁੱਖਾਂ ਸੁੱਖ ਕੇ ਜਾਂਦੇ ਹਨ।

ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਮੇਲੇ ਵਿੱਚ ਖੂਬ ਰੌਣਕਾਂ ਹੋਇਆ ਕਰਦੀਆਂ ਸਨ। ਬੇਟ ਦੇ ਇਲਾਕੇ ਵਿੱਚ ਬਹੁਤੇ ਮੁਸਲਮਾਨ ਵਸੇ ਹੋਏ ਸਨ। ਆਲ਼ੇ-ਦੁਆਲ਼ੇ ਦਾ ਇਲਾਕਾ ਮਲਵਈਆਂ ਨਾਲ ਭਰਪੂਰ ਸੀ। ਲੋਕਾਂ ਨੇ ਕਈ-ਕਈ ਦਿਨ ਪਹਿਲਾਂ ਮੇਲੇ ਲਈ ਘਰੋਂ ਤੁਰ ਪੈਣਾ।ਦਿੱਲੀ ਤੱਕ ਤੋਂ ਵੱਡੀਆਂ ਵੱਡੀਆਂ ਦੁਕਾਨਾਂ ਆਉਣੀਆਂ। ਸਰਕਸਾਂ, ਜਿੰਦਾ ਨਾਚ, ਜਲਸੇ, ਕਵੀਸ਼ਰਾਂ ਅਤੇ ਢੱਡ ਸਾਰੰਗੀ ਵਾਲਿਆਂ ਦੇ ਅਖਾੜਿਆਂ ਨੇ ਕੋਈ ਰੰਗ ਬੰਨ੍ਹ ਦੇਣਾ। ਛਪਾਰ ਦੇ ਮੇਲੇ ਵਾਂਗ ਇੱਥੇ ਲੜਾਈਆਂ ਵੀ ਹੋ ਜਾਣੀਆਂ, ਪੁਲਿਸ ਨਾਲ ਟਾਕਰੇ ਹੋ ਜਾਣੇ। ਵੈਲੀਆਂ ਨੇ ਇਕੱਠੇ ਹੋ ਕੇ ਖਰੂਦ ਪਾਉਣੇ। ਕਿਤੇ ਪੁਲਿਸ ਨਾਲ ਵੀ ਦੋ ਹੱਥ ਹੋ ਜਾਣੇ:

ਆਰੀ ਆਰੀ ਆਰੀ
ਵਿੱਚ ਜਗਰਾਵਾਂ ਦੇ
ਲੱਗਦੀ ਰੌਸ਼ਨੀ ਭਾਰੀ
ਵੈਲੀਆਂ ਦਾ ਕੱਠ ਹੋ ਗਿਆ
ਭਾਨ ਚੱਕਲੀ ਹੱਟੀ ਦੀ ਸਾਰੀ
ਰਤਨ ਸਿੰਘ ਰੱਕੜਾਂ ਦਾ
ਜੀਹਨੇ ਪਹਿਲੀ ਡਾਂਗ ਸ਼ਿੰਗਾਰੀ
ਮੰਗੂੂ ਖੇੜੀ ਦਾ
ਜੀਹਨੇ ਪੁੱਠੇ ਹੱਥ ਦੀ ਗੰਡਾਸੀ ਮਾਰੀ
ਥਾਣੇਦਾਰ ਐਂ ਗਿਰਿਆ
ਜਿਵੇਂ ਹਲ ਤੋਂ ਗਿਰੇ ਪੰਜਾਲ਼ੀ
ਲੱਗੀਆਂ ਹਥਕੜੀਆਂ
ਹੋਗੀ ਜੇਲ੍ਹ ਦੀ ਤਿਆਰੀ
ਦਿਉਰ ਕੁਮਾਰੇ ਦੀ-
ਮੰਜੀ ਸੜਕ ਤੇ ਮਾਰੀ

106 / ਪੰਜਾਬੀ ਸਭਿਆਚਾਰ ਦੀ ਆਰਸੀ