ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/106

ਇਹ ਸਫ਼ਾ ਪ੍ਰਮਾਣਿਤ ਹੈ

ਹਦਰ ਸ਼ੇਖ ਦਾ ਮੇਲਾ

ਪੰਜਾਬ ਵਿੱਚ ਬਹੁਤੇ ਮੇਲੇ ਮੁਸਲਮਾਨ ਪੀਰਾਂ-ਫ਼ਕੀਰਾਂ ਦੀਆਂ ਦਰਗਾਹਾਂ ਉੱਤੇ ਹੀ ਲੱਗਦੇ ਹਨ। ਮਲੇਰਕੋਟਲੇ ਵਿੱਚ ਲੱਗ ਰਿਹਾ ਹਦਰ ਸ਼ੇਖ ਦਾ ਮੇਲਾ ਪੰਜਾਬ ਦਾ ਸਿਰਮੌਰ ਮੇਲਾ ਹੈ। ਇਹ ਹਦਰ ਸ਼ੇਖ ਦੀ ਦਰਗਾਹ ਉੱਤੇ ਜੂਨ ਮਹੀਨੇ ਵਿੱਚ ਨਿਮਾਣੀ ਇਕਾਦਸ਼ੀ ਨੂੰ ਲੱਗਦਾ ਹੈ ਤੇ ਪੂਰੇ ਤਿੰਨ ਦਿਨ ਭਰਦਾ ਹੈ।

ਪੰਜਾਬ ਖ਼ਾਸ ਕਰਕੇ ਮਾਲਵੇ ਦੇ ਲੋਕ ਹਦਰ ਸ਼ੇਖ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ਼ ਯਾਦ ਕਰਦੇ ਹਨ। ਕਹਿੰਦੇ ਹਨ, ਬਾਬਾ ਹਦਰ ਸ਼ੇਖ ਬੜੀ ਕਰਨੀ ਵਾਲ਼ੇ ਸੂਫੀ ਫ਼ਕੀਰ ਹੋਏ ਹਨ ਜਿਨ੍ਹਾਂ ਮਲੇਰਕੋਟਲੇ ਦੀ ਨੀਂਹ ਰੱਖੀ ਸੀ। ਉਹਨਾਂ ਦਾ ਪੂਰਾ ਨਾਂ ਹਜ਼ਰਤ ਸਦਰ ਉਦੀਨ ਸਦਰੇ ਜਹਾਂ ਸੀ। ਉਹ ਅਫ਼ਗਾਨਿਸਤਾਨ ਦੇ ਰਹਿਣ ਵਾਲ਼ੇ ਸਨ। 'ਹਯਾਤੇ ਲੋਧੀ' ਅਨੁਸਾਰ ਉਹ 1449 ਈ: ਵਿੱਚ ਦੀਨੀ ਵਿਦਿਆ ਪ੍ਰਾਪਤ ਕਰਨ ਮੁਲਤਾਨ ਆਏ ਸਨ। ਉਹਨਾਂ ਦਿਨਾਂ ਵਿੱਚ ਮੁਲਤਾਨ ਦੀਨੀ ਵਿਦਿਆ ਦਾ ਕੇਂਦਰ ਸੀ। ਕੁਝ ਸਮਾਂ ਮੁਲਤਾਨ ਠਹਿਰਨ ਮਗਰੋਂ ਉਹ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਪੂਰਬੀ ਪੰਜਾਬ ਵੱਲ ਨੂੰ ਤੁਰ ਪਏ ਤੇ ਮਲੇਰਕੋਟਲੇ ਦੇ ਨਾਲ਼ ਲੱਗਦੇ ਪਿੰਡ ਭੁਮਸੀ ਕੋਲ ਬੁਢੇ ਦਰਿਆ ਦੇ ਪਾਰਲੇ ਕੰਢੇ ਜੰਗਲ ਵਿੱਚ ਝੁੱਗੀ ਬਣਾ ਕੇ ਰਹਿਣ ਲੱਗ ਪਏ। ਉਨ੍ਹਾਂ ਦਿਨਾਂ ਵਿੱਚ ਬੁੱਢਾ ਦਰਿਆ ਮਲੇਰਕੋਟਲੇ ਦੇ ਲਾਗੇ ਵਗਦਾ ਹੁੰਦਾ ਸੀ। ਅਜੋਕਾ ਸ਼ਹਿਰ ਅਜੇ ਵਸਿਆ ਨਹੀਂ ਸੀ।

ਸ਼ੇਖ ਜੀ ਦੀ ਮਹਿਮਾ ਸਾਰੇ ਇਲਾਕੇ ਵਿੱਚ ਫ਼ੈਲ ਗਈ। ਨਿੱਤ ਨਵੇਂ ਸ਼ਰਧਾਲੂ ਜੁੜਦੇ ਗਏ। ਕਈ ਕਰਾਮਾਤਾਂ ਉਹਨਾਂ ਦੇ ਨਾਂ ਨਾਲ਼ ਜੁੜ ਗਈਆਂ।

ਕਹਿੰਦੇ ਹਨ ਸੁਲਤਾਨ ਬਹਿਲੋਲ ਲੋਧੀ ਨੇ ਮਲੇਰ ਨਾਮੀ ਪਿੰਡ ਕੋਲ ਦਰਿਆ ਦੇ ਕੰਢੇ ਆਪਣੀਆਂ ਫ਼ੌਜਾਂ ਸਮੇਤ ਡੇਰਾ ਲਾਇਆ ਹੋਇਆ ਸੀ। ਦਰਿਆ ਵਿੱਚ ਹੜ੍ਹ ਆ ਗਿਆ। ਰਾਤ ਦਾ ਸਮਾਂ ਸੀ। ਤੂਫ਼ਾਨ ਵਿੱਚ ਉਹਨਾਂ ਦੇ ਖ਼ੇਮੇ ਆਦਿ ਪੁੱਟੇ ਗਏ। ਬਹੁਤ ਨੁਕਸਾਨ ਹੋਇਆ ਪਰੰਤੂ ਸ਼ੇਖ ਜੀ ਦੀ ਝੁੱਗੀ ਦਾ ਕੁਝ ਵੀ ਨੁਕਸਾਨ ਨਾ ਹੋਇਆ। ਝੁੱਗੀ ਵਿੱਚ ਸਾਰੀ ਰਾਤ ਦੀਵਾ ਟਿਮਟਿਮਾਉਂਦਾ ਰਿਹਾ। ਸ਼ੇਖ ਜੀ ਲਈ ਬਹਿਲੋਲ ਲੋਧੀ ਦੀ ਸ਼ਰਧਾ ਵਧ ਗਈ। ਉਹ ਆਪ ਚੱਲ ਕੇ ਸ਼ੇਖ਼ ਜੀ ਦੀ ਝੁੱਗੀ ਵਿੱਚ ਗਿਆ। ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਉਹਨੇ ਸ਼ੇਖ ਜੀ ਅੱਗੇ ਦਿਲੀ ਨੂੰ ਫ਼ਤਿਹ ਕਰਨ ਲਈ ਅਰਦਾਸ ਕੀਤੀ। ਕਹਿੰਦੇ ਹਨ ਕਿ ਸ਼ੇਖ਼ ਦੀ ਅਸੀਸ ਕਾਰਗਰ ਸਾਬਤ ਹੋਈ। ਬਹਿਲੋਲ ਲੋਧੀ ਨੇ ਦਿੱਲੀ ਫ਼ਤਹਿ ਕਰ ਲਈ।

ਇਕ ਹੋਰ ਰਵਾਇਤ ਹੈ ਕਿ ਇਕ ਦਿਨ ਵਜ਼ੂ ਕਰਦੇ ਸਮੇਂ ਹਜ਼ਰਤ ਸ਼ੇਖ਼ ਦੀ ਜੁੱਤੀ ਦਾ ਇਕ ਪੈਰ ਦਰਿਆ ਵਿੱਚ ਡਿੱਗ ਪਿਆ। ਉਹਨਾਂ ਦੇ ਮੁਰੀਦ ਲੱਭਣ ਲੱਗੇ ਤਾਂ ਉਹਨਾਂ ਨੇ ਕਿਹਾ, "ਘਬਰਾਓ ਨਾ, ਦਰਿਆ ਆਪਣੇ ਆਪ ਮੇਰੀ ਜੁੱਤੀ ਦੇ ਕੇ ਜਾਵੇਗਾ।" ਕਹਿੰਦੇ ਹਨ ਕੁਝ ਸਮੇਂ ਮਗਰੋਂ ਜੁੱਤੀ ਦਾ ਪੈਰ ਆਪਣੇ ਆਪ ਬਾਹਰ ਆ ਗਿਆ।

102/ ਪੰਜਾਬੀ ਸਭਿਆਚਾਰ ਦੀ ਆਰਸੀ