ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/7

ਇਹ ਸਫ਼ਾ ਪ੍ਰਮਾਣਿਤ ਹੈ

(੪)

"ਇਹ ਕਿਉਂ? ਜੇ ਸੱਚ ਮੁੱਚ ਕੋਈ ਠੀਕ ਉਜਰ ਹੈ ਤਾਂ ਦੱਸ ਦੇਣਾ ਹੱਛਾ ਹੈ"॥

ਗੱਦੀ ਮੁੰਡੇ ਨੇ ਕਿਹਾ "ਸੱਚ ਮੁੱਚ ਠੀਕ ਉਜਰ ਹੈ, ਮੇਰੇ ਮਿੱਤ੍ਰ ਮਿਕਾਈਲ ਨੇ ਜੋ ਪਰਬਤ ਉੱਪਰ ਬੱਕਰੀਆਂ ਚਾਰਦਾ ਹੈ ਮੈਨੂੰ ਆਲ੍ਹਨਾ ਵਿਖਾਲਿਆ ਸਾ ਅਤੇ ਮੇਰੇ ਕੋਲੋਂ ਬਚਨ ਲਿਆ ਸਾ ਭਾਈ ਕਿਸੇ ਨੂੰ ਨਾ ਦੱਸੀਂ"। ਉਸਤਾਦ ਬੋਲਿਆ "ਇਹ ਵੱਖਰੀ ਗੱਲ ਹੈ", ਪਰ ਮੁੰਡੇ ਦਾ ਸਿਦਕ ਹੋਰ ਪਰਤਾਉਣ ਲਈ ਉਸਨੇ ਇੱਕ ਬਟੂਆ ਕੱਢਿਆ ਅਤੇ ਆਖਿਆ "ਇਹ ਸੋਨੇ ਦੀਆਂ ਮੋਹਰਾਂ ਵੇਖਨਾ ਹੈਂ, ਜੇ ਆਲ੍ਹਨਾ ਵਿਖਾਏਂ ਤਾਂ ਇਹ ਤੇਰਾ ਮਾਲ ਹੈ ਅਤੇ ਇਸ ਗੱਲ ਦੀ ਬਾਬਤ ਮਿਕਾਈਲ ਨੂੰ ਕੁਝ ਕਹਣ ਦੀ ਤੈਨੂੰ ਲੋੜ ਨਹੀਂ"|

ਮੁੰਡਾ ਬੋਲਿਆ "ਏਹ ਬੇਈਮਾਨੀ ਹੈ ਅਤੇ ਇਹ ਮੈਂ ਕਦੇ ਨਹੀਂ ਕਰਣੀ ਭਾਵੇਂ ਮਿਕਾਈਲ ਨੂੰ ਖਬਰ ਹੋਵੇ ਭਾਵੇਂ ਨਾ ਹੋਵੇ"। ਉਸਤਾਦ ਬੋਲਿਆ "ਖ਼ਬਰੇ ਤੈਨੂੰ ਪਤਾ ਨਹੀਂ ਕਿ ਇਹ ਸੋਨਾ ਕਿੰਨੇਦਾ ਮਾਲ ਹੈ ਅਤੇ ਇਸ ਨਾਲ ਕਿੰਨੀਆਂ ਚੀਜਾਂ ਤੂੰ ਮੁੱਲ ਲੈ ਸੱਕਦਾ ਹੈਂ"॥