(੨੫੦)
ਨੇ ਉੱਤਰ ਨਾ ਦਿੱਤਾ ਤਾਂ ਗਾਲ੍ਹਾਂ ਕੱਢਨ ਤੇ ਧਮਕੀਆਂ ਦੇਨ ਲੱਗਾ। ਜਦ ਇਸ ਤਰ੍ਹਾਂ ਬੀ ਕੁਝ ਨਾ ਬਣਿਆਂ ਤਾਂ ਇਨਾਮ ਦਾ ਲਾਲਚ ਦੇਣ ਲੱਗਾ ਅਤੇ ਫੇਰ ਬੇਨਤੀ ਕਰਕੇ ਝੁਰਣ ਲੱਗਾ ਪਰ ਕਮਰੇ ਦਾ ਦਰਵਾਜਾ ਨ ਖੁਲ੍ਹਿਆ। ਜਦ ਪੈਰਾਂ ਦੀਆਂ ਤਲੀਆਂ ਸੜਨ ਲੱਗੀਆਂ ਤਾਂ ਇਕ ਪੈਰ ਚੁੱਕ ਕੇ ਦੂਸਰੇ ਪੈਰ ਨਾਲ ਡੱਡੂ ਦੀ ਤਰਹ ਕੁੱਦਨ ਲੱਗਾ ਇਸ ਤਰੀਕੇ ਨਾਲ ਵਾਰੋ ਵਾਰੀ ਇਕ ਪੈਰ ਚੁੱਕਿਆ ਤੇ ਇਕ ਰੱਖਿਆ ਤੇ ਦੋ ਘੰਟਿਆਂ ਤੀਕੂੰ ਇਸ ਕਮਰੇ ਵਿੱਚ ਟੱਪਦਾ ਫਿਰਿਆ। ਜਦ ਸਾਰੀਆਂ ਨਾੜਾਂ ਚੰਗੀ ਤਰਾਂ ਖੁਲ੍ਹ ਗਈਆਂ ਅਤੇ ਸਾਰਾ ਸਰੀਰ ਪਾਣੀ ਪਾਣੀ ਹੋ ਗਿਆ ਤਾਂ ਡਾਕਟਰ ਨੇ ਬੂਹਾ ਖੋਲ੍ਹ ਕੇ ਇੱਕ ਬੜੀ ਸਾਰੀ ਬਿਸ੍ਰਾਮ ਕੁਰਸੀ ਗਦੇਲੇ ਤੇ ਤਕੀਏ ਸਮੇਤ ਬਿਛਵਾ ਦਿੱਤੀ ਅਤੇ ਇਸ ਕਮਰੇ ਦੀ ਭੂੰਈਂ ਨੂੰ ਠੰਡੇ ਕਰਨ ਦੀ ਆਗ੍ਯਾ ਦਿੱਤੀ। ਕੁਰਸੀ ਨੂੰ ਦੇਖਦੇ ਸਾਰ ਧਣੀ ਪੁਰਖ ਦੀ ਜਾਨ ਵਿੱਚ ਜਾਨ ਆਈ, ਝੱਟ ਪੱਟ ਉਤਾਵਲੀ ਦੇ ਨਾਲ ਉਸ ਉੱਪਰ ਜਾ ਡਿੱਗਾ। ਸਾਰੀ ਉਮਰ ਵਿਖੇ ਇਹ ਪਹਿਲਾ ਸਮਾ ਸਾ ਜੋ ਉਸਨੇ ਬਿਸ੍ਰਾਮ ਦਾ ਆਨੰਦ ਲੀਤਾ, ਕਿਉਂਕਿ ਮਿਹਨਤ ਅਤੇ ਖੇਚਲ ਬਾਝ ਬਿਸ੍ਰਾਮ ਦਾ ਮਿਲਣਾ ਔਖਾ ਹੁੰਦਾ ਹੈ॥