ਪੰਨਾ:ਪੰਜਾਬੀ ਭਾਸ਼ਾ ਦਾ ਵਿਆਕਰਣ.pdf/7

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਖ-ਬੰਧ

ਪੰਜਾਬੀ ਦਾ ਵਿਆਕਰਣ-ਸਾਹਿੱਤ ਨਾ ਤਾਂ ਬਹੁਤ ਪੁਰਾਣਾ ਹੈ ਅਤੇ ਨਾ ਹੀ ਬਹੁਤ ਭਰਪੂਰ ਹੈ। ਪਹਿਲਾਂ ਕੁਝ ਵਿਆਕਰਣ ਅੰਗ੍ਰੇਜ਼ੀ ਵਿੱਚ ਲਿਖੇ ਗਏ। ਡਾ. ਕੇਰੀ (Dr. W. Carey) ਦਾ ਪੰਜਾਬੀ ਵਿਆਕਰਣ ੧੮੧੨ ਵਿੱਚ ਛਪਿਆ ਸੀ। ਫੇਰ ਟਿਜ਼ਡਲ, ਨਿਊਟਨ, ਬੇਲੀ ਅਤੇ ਕਮਗਿੰਜ਼ ਆਦਿ ਨੇ ਵੀ ਵਿਆਕਰਣ ਰਚੇ। ਗੁਰਮੁਖੀ ਲਿੱਪੀ ਵਿੱਚ ਬਿਹਾਰੀ ਲਾਲ ਦਾ ਵਿਆਕਰਣ ੧੮੬੯ ਵਿੱਚ ਛਪਿਆ। ਇਸ ਤੋਂ ਪਿੱਛੇ ਮੋਹਨ ਸਿੰਘ ਨੇ ਪੰਜਾਬੀ ਵਿਆਕਰਣ-ਬੋਧ ਦੀ ਰਚਨਾ ਕੀਤੀ। ਇਹ ਛੋਟੇ ਛੋਟੇ ਵਿਆਕਰਣ ਸਨ। ਰਾਮ ਸਿੰਘ ਦਾ ਵੱਡਾ ਵਿਆਕਰਣ (੨ ਭਾਗ) ਪਹਿਲੀ ਕਿਰਤ ਹੈ ਜਿਸ ਵਿੱਚ ਹਰ ਇਕ ਅੰਗ ਉਪਰ ਵਿਸਤਾਰ ਨਾਲ ਵਿਚਾਰ ਕੀਤਾ ਗਿਆ ਹੈ। ਇਹ ਪੁਸਤਕ ਚੋਖੀ ਖੋਜ਼ ਅਤੇ ਮਿਹਨਤ ਨਾਲ ਤਿਆਰ ਕੀਤੀ ਗਈ ਜਾਪਦੀ ਹੈ। ਹਾਂ, ਭਾਸ਼ਾ ਦੇ ਵਿਕਾਸ ਅਤੇ ਇਤਿਹਾਸ ਦੇ ਖਿਆਲ ਤੋਂ ਕੁਝ ਊਣਤਾ ਰਹਿ ਗਈ ਹੈ ਤਾਂ ਵੀ ਆਪਣੇ ਸਮੇਂ ਦੀ ਉੱਤਮ ਕਿਰਤ ਸਮਝੀ ਜਾਣੀ ਚਾਹੀਦੀ ਹੈ। ਕਰਮ ਸਿੰਘ ਗੰਗਾਵਾਲੇ ਦਾ ਨਵੀਨ ਪੰਜਾਬੀ ਵਿਆਕਰਣ ਵੀ ਪਹਿਲਿਆਂ ਨਾਲੋਂ ਕਈਆਂ ਗੱਲਾਂ ਵਿੱਚ ਚੰਗੇਰਾ ਹੋਣ ਕਰਕੇ ਸਲਾਹੁਣ-ਜੋਗ ਹੈ, ਪਰ ਸੰਖੇਪ ਨਾਲ ਲਿਖਿਆ ਗਿਆ ਹੈ। ਹੋਰ ਵੀ ਕਈ ਵਿਆਕਰਣ ਸਕੂਲਾਂ ਲਈ ਲਿਖੇ ਗਏ ਹਨ, ਪਰ ਉਨ੍ਹਾਂ ਦੀ ਚਰਚਾ ਕਰਨ ਦੀ ਲੋੜ ਨਹੀਂ ਜਾਪਦੀ।

ਭਾਸ਼ਾ ਦਾ ਵਿਕਾਸ ਅਤੇ ਅਸਲੀ ਸਰੂਪ ਜਾਣਨ ਲਈ ਭਾਸ਼ਾ-ਵਿਗਿਆਨੀਆਂ ਦੀਆਂ ਕਿਰਤਾਂ ਬਹੁਮੁੱਲੀਆਂ ਹਨ। ਇਨ੍ਹਾਂ ਵਿਦਵਾਨਾਂ ਵਿੱਚੋਂ ਬੀਮਸ, ਹੋਅਰਨਲੇ, ਗ੍ਰਿਅਰਸਨ, ਟਰਨਰ, ਭੰਡਾਰਕਰ, ਬਲਾਖ, ਤਗਾਰੇ, ਬਨਾਰਸੀ ਦਾਸ ਜੈਨ ਆਦਿ ਪ੍ਰਸਿੱਧ ਹਨ। ਵਿਆਕਰਣ ਲਿਖਣ ਲਈ ਇਨ੍ਹਾਂ ਦੀਆਂ ਕਿਰਤਾਂ ਤੋਂ ਕਈ ਤਰ੍ਹਾਂ ਦੀ ਸਹਾਇਤਾ ਅਤੇ ਅਨੇਕ ਸੁਝਾਉ ਮਿਲਦੇ ਹਨ।

ਇਸ ਵਿਆਕਰਣ ਵਿੱਚ ਵਰਤਮਾਨ ਸਾਹਿਤਿਕ ਪੰਜਾਬੀ ਉੱਪਰ, ਜੋ ਮਾਝੀ ਬੋਲੀ ਤੇ ਆਧਾਰਿਤ ਹੈ, ਵਿਚਾਰ ਕੀਤਾ ਗਿਆ ਹੈ, ਪਰ ਕਿਤੇ ਕਿਤੇ ਪੁਰਾਣੀ ਪੰਜਾਬੀ, ਲਹਿੰਦੀ ਆਦਿ ਦੇ ਰੂਪਾਂ ਦੀ ਚਰਚਾ ਵੀ ਕੀਤੀ ਗਈ ਹੈ। ਭਾਵੇਂ ਇਹ ਵਿਆਕਰਣ ਵਰਣਨਾਤਮਕ ਹੀ ਹੈ, ਤਾਂ ਵੀ ਨਾਂਵ, ਕ੍ਰਿਆ ਆਦਿ ਦੇ ਰੂਪਾਂ ਦੇ ਵਿਕਾਸ ਅਤੇ ਇਤਿਹਾਸ ਦੀ ਕੁਝ ਜਾਣਕਾਰੀ ਵੀ ਕਰਾਈ ਗਈ ਹੈ।

ਹਰ ਇਕ ਭਾਸ਼ਾ ਦੀ ਬਣਤਰ ਅਤੇ ਸਰੂਪ-ਸੁਭਾ ਵਖਰੇ ਹੁੰਦੇ ਹਨ, ਉਸ ਦੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਇਸ ਕਰਕੇ ਉਸ ਦਾ ਵਿਆਕਰਣ ਉਸ ਦੇ ਸਰੂਪ ਅਤੇ ਬਣਤਰ ਅਨੁਸਾਰ ਤਿਆਰ ਕਰਨਾ ਚਾਹੀਦਾ ਹੈ। ਭਾਸ਼ਾ ਦੇ ਸਰੂਪ, ਸੁਭਾ ਅਤੇ ਬਣਤਰ ਨੂੰ ਠੀਕ-ਠੀਕ ਸਮਝਣ ਲਈ ਉਸ ਦੇ ਇਤਿਹਾਸ ਅਤੇ ਵਿਕਾਸ ਦੇ ਜਾਣਨ ਦੀ ਲੋੜ ਹੈ।

ਪੰਜਾਬੀ ਭਾਸ਼ਾ ਦਾ ਵਿਕਾਸ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਦੀ ਰਾਹੀਂ ਸੰਸਕ੍ਰਿਤ ਤੋਂ ਹੋਇਆ ਹੈ, ਇਸ ਕਰਕੇ ਇਸ ਦੇ ਇਤਿਹਾਸ ਅਤੇ ਵਿਕਾਸ ਨੂੰ ਸਾਮ੍ਹਣੇ ਰੱਖ ਕੇ ਇਹ ਵਿਆਕਰਣ ਲਿਖਿਆ ਗਿਆ ਹੈ। ਹਾਂ, ਜਿੱਥੇ ਜਿੱਥੇ ਹੋਰਨਾਂ ਦੇਸ਼ੀ ਜਾਂ ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਦਿਸਿਆ ਹੈ, ਉਹ ਵੀ ਵਰਣਨ ਕਰ ਦਿੱਤਾ ਗਿਆ ਹੈ।