ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/233

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩੨)

ਘਾਟੀ ਵਿੱਚ ਪਿੰਡ ਵੱਸਦੇ ਹਨ, ਅਰ ਘਰਾਂ ਵਿੱਚ ਰੋਟੀ ਪੱਕਣ ਦਾ ਧੂੰਆ ਉੱਠਦਾ ਹੈ, ਦੂਰ ਤੀਕ ਖੇਤ ਬੀਜੇ ਹੋਏ ਹਨ, ਧਾਨਾਂ ਦੀ ਹਰਿਆਉਲ ਕਿਹੀ ਲਹਹਾਉਂਦੀ ਹੈ ਕਿ ਦੇਖਕੇ ਅੱਖਾਂ ਅਨੰਦ ਹੁੰਦੀਆਂ ਜਾਂਦੀਆਂ ਹਨ, ਕਿਧਰੇ ਗਊ ਬਲਦ ਚਰ ਰਹੇ ਹਨ, ਕਿਧਰੇ ਕਿਰਸਾਣਾਂ ਦੇ ਬੱਚੇ ਖੇਡਦੇ ਹਨ, ਔਹ ਦੇਖੋ ਦੁਰੋਂ ਇੱਕ ਭੀੜਾ ਰਸਤਾ ਪਹਾੜਾਂ ਵਿੱਚੋਂ ਚੱਕਰ ਖਾਂਦਾ ਹੋਇਆ ਹੇਠਾਂ ਪਿੰਡ ਨੂੰ ਉੱਤਰਦਾ ਹੈ, ਸੰਝ ਪੈਂਦੀ ਜਾਂਦੀ ਹੈ, ਅਰ ਕਿਰਸਾਣ ਉੱਸੇ ਰਸਤੇ ਹੁੰਦੇ ਹੋਏ ਕਦੀ ਇਕੱਲੇ ਕਦੀ ਦੁਕੱਲੇ ਪਿੰਡ ਵਿੱਚ ਆਪਣੇ ਘਰ ਨੂੰ ਆਉਂਦੇ ਹਨ, ਇੱਕ ਮਨੁੱਖ ਸਭ ਨਾਲੋਂ ਪਿੱਛੇ ਹੌਲੀ ੨ ਉਤਰ ਰਿਹਾ ਹੈ, ਭਾਂਵੇ ਪਿੱਠ ਪੁਰ ਭਾਰ ਹੈ, ਅਰ ਦੂਰੋਂ ਆਉਂਦਾ ੨ ਥੱਕ ਗਿਆ ਹੈ ਕਿ ਛੇਤੀ ਛੇਤੀ ਨਹੀਂ ਤੁਰਿਆ ਜਾਂਦਾ॥

ਆਓ, ਕੁਝ ਉੱਤੇ ਚੜ੍ਹਕੇ ਇਸਨੂੰ ਮਿਲੀਏ, ਉਹੋ! ਇਹ ਤਾਂ ਸਾਡੇ ਪਿੰਡ ਦਾ ਬੁੱਢਾ ਉੱਦਮੀ ਚਪਰਾਸੀ ਹੈ, ਕਿ ਸਿਮਲੇ ਦੇ ਕਿਸੇ ਦਫਤਰ ਵਿੱਚ ਨੌਕਰ ਹੈ, ਲੋਂ ਉਹ ਸਾਹ ਲੈਣ ਲਈ ਉਸ ਚੌੜੀ ਸ਼ਿਲਾ ਪੁਰ ਬੈਠ ਗਿਆ, ਆਓ ਇਸ ਨੂੰ ਪੁੱਛੀਏ ਕਿ ਹੋਰ ਤਾਂ ਸਾਰੇ ਹੀ ਸੰਝ ਹੁੰਦੇ ਹੀ ਘਰ ਆ ਜਾਂਦੇ ਹਨ, ਤੈਨੂੰ ਰੋਜ ਰਾਤ ਕਿਉਂ ਪੈ ਜਾਂਦੀ ਹੈ॥