ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫ )

ਇਹ ਹਾੜ ਸਮੇ ਜੋੜਦੀ ਰਹਿੰਦੀ ਹੈ, ਜੋ ਸਿਆਲ ਵਿੱਚ ਕੰਮ ਆਵੇ। ਇਸ ਥਾਂ ਤੁਸੀ ਆਪਣੀ ਜੀਵਕਾ ਵਿੱਚੋਂ ਔਖੇ ਵੇਲੇ ਲਈ ਕੁਝ ਬਚਾਉਣ ਦੀ ਅਰਕਲ ਸਿੱਖੋ। ਐਹੋ ਜੇਹੇ ਕਈ ਹੋਰ ਗੁਣ ਕੀੜੀਆਂ ਪ੍ਰਗਟ ਕਰਦੀਆਂ ਹਨ॥

(੧੬) ਸ਼ੇਰ ਅਤੇ ਚੁਹੀ ਦੀ ਕਹਾਣੀ॥

ਇਕ ਸ਼ੇਰ ਆਪਣੇ ਘੇਰੇ ਵਿੱਚ ਸੁੱਤਾ ਪਿਆ ਸੀ। ਕੋਲ ਹੀ ਇਕ ਚੂਹੀ ਇੱਧਰ ਉੱਧਰ ਪਈ ਫਿਰਦੀ ਸੀ। ਉਸ ਨੇ ਇਸ ਵੱਡੇ ਮਿਰਗਰਾਜ ਦੇ ਨੱਕ ਉੱਤੇ ਤੁਰ ਕੇ ਉਹਨੂੰ ਜਗਾ ਦਿੱਤਾ। ਉਠਦਿਆਂ ਸਾਰ ਸ਼ੇਰ ਨੇ ਆਪਣਾ ਪੰਜਾ ਉਸ ਡਰਾਕਲ ਚੂਹੀ ਦੇ ਸਿਰ ਉੱਤੇ ਧਰਿਆ, ਅਤੇ ਉਸ ਨੂੰ ਮਾਰਨ ਲੱਗਾ, ਤਾਂ ਉਸ ਚੂਹੀ ਨੇ ਵਡੀ ਬੇਨਤੀ ਨਾਲ ਹੱਥ ਜੋੜ ਕੇ ਆਖਿਆ, ਮਹਾਰਾਜ ਜੀ! ਮੈਨੂੰ ਨਾ ਮਾਰੋ। ਮੈਂ ਜਾਣਕੇ ਨਹੀਂ ਕੀਤਾ, ਅਤੇ ਤੁਹਾਡੇ ਪੰਜਿਆਂ ਨੂੰ ਅਜੇਹੇ ਨਿੱਕੇ ਜੇਹੇ ਸਿਰ ਦੇ ਲੈਣ ਦੀ ਕੀ ਲੋੜ ਹੈ?

ਇਸ ਨਿੱਕੇ ਜੇਹੇ ਜੀਵ ਨੂੰ ਆਪਣੀ ਪ੍ਰਾਣ ਰੱਛਿਆਂ ਦੀ ਬੇਨਤੀ ਕਰਦਿਆਂ ਵੇਖਕੇ ਸ਼ੇਰ ਦੇ ਮਨ ਵਿੱਚ ਦਯਾ ਆਈ ਅਤੇ ਉਸ ਨੂੰ ਛੱਡ ਦਿੱਤਾ॥