ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/94

ਇਹ ਸਫ਼ਾ ਪ੍ਰਮਾਣਿਤ ਹੈ


੭੫



ਬਟੇਰਾ

ਪੈਲੀਆਂ ਪੱਕਦੀਆਂ ਜਾਂਦੀਆਂ ਹਨ, ਜੱਟਾਂ ਨੂੰ ਫ਼ਸਲਾਂ ਦਾ ਧ੍ਯਾਨ ਹੋਣ ਲੱਗਾ, ਬਟੇਰਿਆਂ ਦੀਆਂ ਸੀਟੀਆਂ ਪੈਲੀਆਂ ਵਿੱਚੋਂ ਚੰਗੀ ਤਰ੍ਹਾਂ ਸੁਣਾਈ ਦਿੰਦੀਆਂ ਹਨ, ਹਾਂ ਏਹ ਪੱਕਦੀਆਂ ਹੀ ਪੈਲੀਆਂ ਪੁਰ ਆ ਪੈਂਦੇ ਹਨ॥
ਬਟੇਰੇ ਨੂੰ ਸਭ ਜਾਣਦੇ ਹਨ, ਗੋਲ ਮੋਲ ਸੂਰਤ, ਨਿੱਕੀ ਜੇਹੀ ਪੂਛ, ਚੌੜੇ ਚੌੜੇ ਪੰਜੇ, ਕਾਲੇ ਨੇਤ੍ਰ, ਤ੍ਰਿੱਖੀ ਅਤੇ ਚੰਚਲ ਦ੍ਰਿਸ਼ਟ, ਮੁੜੀ ਹੋਈ ਚੁੰਝ, ਭੂਰੇ ਖੰਭ, ਉਨ੍ਹਾਂ ਵਿਖੇ ਪੀਲੀ ਭਾਹ, ਘਸਮੈਲੇ ਅਤੇ ਕਾਲੇ ਚਿਟਕਣੇ ਅਰ ਲਕੀਰਾਂ। ਕੁੱਕੜ ਦੀ ਵਾਰਤਾ ਵਿਖੇ ਤੁਸੀਂ ਪੜ੍ਹ ਚੁੱਕੇ ਹੋ, ਕਿ ਬਟੇਰਾ ਖੋਦਣ ਵਾਲਾ ਪੰਛੀ ਹੈ। ਇਹ ਗੱਲ ਇਸ ਦੇ ਸੁਭਾਉ ਤੇ ਬੀ ਪ੍ਰਤੀਤ ਹੋ ਜਾਂਦੀ ਹੈ, ਦੇਖੋ ਜੋ ਦਾਣਾ ਭੋਂ ਵਿੱਚੋਂ ਕੱਢਦਾ ਹੈ, ਖੋਚਰ ਕੇ ਕੱਢਦਾ ਹੈ, ਹਾਂ, ਤਦੇ ਇਸਦੇ ਪੈਰ, ਪੰਜੇ, ਨਹੰ ਅਜੇਹੇ ਪੱਕੇ ਹੁੰਦੇ ਹਨ ਅਤੇ ਖੁਰਚਣ ਵਾਲਿਆਂ ਪੰਛੀਆਂ ਦੀ ਤਰ੍ਹਾਂ ਇਸਦੀਆਂ ਬੀ ਤ੍ਰੈ ਅੰਗੁਲੀਆਂ ਅੱਗੇ ਅਤੇ ਇੱਕ ਪਿੱਛੇ ਦੀ ਵੱਲ ਨੂੰ ਹੰਦੀ ਹੈ, ਪਿਛਲੀ ਅੰਗੁਲੀ ਬਹੁਤ ਹੀ ਨਿੱਕੀ ਹੁੰਦੀ ਹੈ,