ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/43

ਇਹ ਸਫ਼ਾ ਪ੍ਰਮਾਣਿਤ ਹੈ

( ੩੩ )

ਇਹੋ ਬੂਥੀ ਓਵੇਂ ਕਹਿ ਦਿੰਦੀ ਹੈ ਕਿ ਇਹ ਚੂਹਾ ਨਹੀਂ। ਇਸਦੇ ਅਗਲੇ ਦੰਦ ਬੀ ਕੁਤਰਣ ਵਾਲਿਆਂ ਜਨੌਰਾਂ ਦਿਆਂ ਦੰਦਾਂ ਵਰਗੇ ਨਹੀਂ ਹੁੰਦੇ। ਇਸ ਦੀਆਂ ਦਾੜ੍ਹਾਂ ਪੁਰ ਨਿਕੇ ਨਿਕੇ ਤ੍ਰਿੱਖੇ ਕੰਡੇ ਉੱਠੇ ਹੋਏ ਹੁੰਦੇ ਹਨ, ਏਹ ਜਨੌਰ ਜੋ ਕੁਝ ਖਾਂਦੇ ਹਨ ਪੀਹਕੇ ਚੱਬਦੇ ਹਨ,ਇਸ ਲਈ ਇਨ੍ਹਾਂ ਨੂੰ ਪਰਮੇਸੁਰ ਨੇ ਚੌੜੀਆਂ ਅਤੇ ਪੱਧਰੀਆਂ ਦਾੜ੍ਹਾਂ ਦਿੱਤੀਆਂ ਹਨ। ਇਸ ਗੱਲੋਂ ਤੁਸੀਂ ਓਵੇਂ ਕਹ ਦੇਓਗੇ ਕਿ ਚਕਚੂੰਧਰ ਕੁਤਰਣ ਵਾਲਿਆਂ ਜਨੌਰਾਂ ਦੀ ਤਰ੍ਹਾਂ ਨਾ ਤਾਂ ਕਰੜੀ ਵਸਤੂ ਨੂੰ ਮੋਹਰਲਿਆਂ ਦੰਦਾਂ ਨਾਲ ਕੁਤਰ ਸਕਦੀ ਹੋਇਗੀ, ਨਾਂ ਦਾੜ੍ਹਾਂ ਨਾਲ ਪੀਹ ਸਕਦੀ ਹੋਇਗੀ ਅਤੇ ਉਸਦਾ ਖਾਜਾ ਬੀ ਹੋਰ ਹੀ ਪ੍ਰਕਾਰ ਦਾ ਹੋਇਗਾ। ਸੱਚ ਮੁੱਚ ਤੁਹਾਡੀ ਇਹ ਸੋਚ ਠੀਕ ਹੋਇਗੀ। ਤੁਹਾਨੂੰ ਚੇਤੇ ਹੈ, ਤੀਜੀ ਪੁਸਤਕ ਵਿਖੇ ਪੜ੍ਹਿਆ ਸਾ ਕਿ ਚਕਚੂੰਧਰ ਜੰਗਲੀ ਚੂਹੇ ਦੀ ਤਰ੍ਹਾਂ ਕੀੜੇ ਖਾਣ ਵਾਲਾ ਜੰਤੂ ਹੈ? ਹਾਂ! ਇਹਦੇ ਤ੍ਰਿਖੇ ਅਤੇ ਨੋਕਾਂ ਵਾਲੇ ਦੰਦ ਚੁਸਤ ਕੀੜਿਆਂ ਦੇ ਸ਼ਿਕਾਰ ਵਿਖੇ ਚੰਗੇ ਕੰਮ ਆਉਂਦੇ ਹਨ, ਕਿਉਂਕਿ ਤੁਰਤ ਚੁੱਭ ਜਾਂਦੇ ਹਨ, ਅਤੇ ਜਾਂ ਓਹ ਸ਼ਿਕਾਰ ਪਕੜਦੀ ਹੈ, ਤਾਂ ਉਨ੍ਹਾਂ ਹੀ ਨਾਲ ਟੋਟੇ ਟੋਟੇ ਕਰ ਸਿੱਟਦੀ ਹੈ॥