ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/106

ਇਹ ਸਫ਼ਾ ਪ੍ਰਮਾਣਿਤ ਹੈ

( ੮੫ )

ਉਹ ਬਹੁਤ ਹੁੰਦੀਆਂ ਹਨ। ਇਹ ਸਾਰਾ ਸਾਲ ਇਸ ਦੇਸ ਵਿਖੇ ਨਹੀਂ ਟਿਕਦੀ, ਸਿਆਲੇਦੇ ਨਾਲਹੀ ਆ ਪਹੁੰਚਦੀ ਹੈ, ਉਨ੍ਹਾਲ ਆਇਆ ਤਾਂ ਹੋਰਨਾਂ ਠੰਡਿਆਂ ਦੇਸਾਂ ਨੂੰ ਉਠ ਨੱਠੀ, ਜਾਂ ਤਾਂ ਏਸ਼ੀਆ ਦੇ ਉੱਤਰ ਨੂੰ ਚਲੀ ਜਾਂਦੀ, ਜਾਂ ਯੂਰੋਪ ਨੂੰ, ਉੱਥੇ ਹੀ ਆਂਡੇ ਦੇਕੇ ਬੱਚੇ ਕੱਢਦੀ ਹੈ, ਬਾਹਲਾ ਗਿੱਲੀ ਭੋਂ ਪੁਰ ਇੱਕ ਸਿੱਧਾ ਪੱਧਰਾ ਆਲ੍ਹਣਾ ਬਣਾ ਲੈਂਦੀ ਹੈ, ਉਸ ਵਿਖੇ ਗੁੂੜ੍ਹੇ ਸਾਵੇ ਰੰਗ ਦੇ ਦੋ ਆਂਡੇ ਦਿੰਦੀ ਹੈ, ਜਿਨ੍ਹਾਂ ਪੁਰ ਭੂਰੀਆਂ ਭੂਰੀਆਂ ਚਿੱਤੀਆਂ ਬੀ ਹੁੰਦੀਆਂ ਹਨ। ਜਦ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਹਨ ਤਾਂ ਉਨ੍ਹਾਂ ਦੇ ਡੀਲ ਨਿੱਕੇ ਨਿੱਕੇ ਹੁੰਦੇ ਹਨ, ਕੂਲੀ ਕੂਲੀ ਲੂੰਈ, ਲੰਮੀਆਂ ਲੰਮੀਆਂ ਲੱਤਾਂ, ਇੱਕ ਅਚਰਜ ਰੂਪ ਵਿਖਾਲੀ ਦਿੰਦਾ ਹੈ॥
ਕੂੰਜ ਵਡੇ ਮੁਨ੍ਹੇਰੇ ਅਤੇ ਡੂੰਘੀਆਂ ਤਰਕਾਲਾਂ ਦੇ ਵੇਲੇ ਚਰਦੀ ਚੁਗਦੀ ਹੈ, ਅਰ ਜਿੱਥੇ ਅਨਾਜ ਦੀ ਪੈਲੀ ਵੇਂਹਦੀ ਹੈ, ਖਰਾਬ ਕਰ ਦਿੰਦੀ ਹੈ। ਜਾਂ ਦਿਹੁੰ ਚੜ੍ਹੇ ਧੁੱਪ ਤ੍ਰਿੱਖੀ ਹੋ ਜਾਂਦੀ ਹੈ, ਤਾਂ ਛੰਭਾਂ ਅਤੇ ਨਦੀਆਂ ਦੇ ਕੰਢੇ ਚਲੀ ਜਾਂਦੀ ਹੈ, ਜਾਂ ਤਾਂ ਉੱਥੇ ਹੀ ਅਰਾਮ ਕਰਦੀ ਹੈ, ਜਾਂ ਜਲ ਵਿਖੇ ਤੁਰ ਫਿਰਕੇ ਦਿਨ ਟਪਾਉਂਦੀ ਹੈ, ਇੱਸ ਲਈ ਜਲਚਰਾਂ ਪੰਖੀਆਂ ਵਿਖੇ ਗਿਣੀ ਜਾਂਦੀ ਹੈ॥